ਪੰਨਾ:ਮਾਨ-ਸਰੋਵਰ.pdf/139

ਇਹ ਸਫ਼ਾ ਪ੍ਰਮਾਣਿਤ ਹੈ


ਪਲੰਘ ਰੰਗੀਲੇ ਭਾਏ ਨ ਉਹ,
ਤਖ਼ਤ ਤੇਰੇ ਮਨ! ਆਏ ਨ ਉਹ।

ਉਹ ਸੁਰਗਾਂ ਦਾ ਜੀਵਨ ਬੱਲੇ!
ਅੜਿਆ ਕੀ ਸੀ ਏਦੂੰ ਥੱਲੇ?

ਯਾਰ ਤੇਰੇ ਦੇ ਸੱਥਰਾਂ ਤੋਂ ਵੀ,
ਇਹ ਵਾਹਣਾਂ ਦੇ ਪੱਥਰਾਂ ਤੋਂ ਵੀ।

---------

ਖ਼ੈਰ ਏਹ ਤੇਰੇ ਦਿਲ ਦੇ ਤਾਣੇ,
ਵਿਰਲਾ ਵਿਰਲਾ ਆਸ਼ਕ ਜਾਣੇ।

ਪਰ ਮੈਂ ਹਾਂ ਇਕ ਕੱਲਮ ਕੱਲਾ।
ਵਿਚ ਉਜਾੜਾਂ ਹੋਇਆ ਝੱਲਾ।

ਟੁੱਟਿਆ ਟਿੱਮ ਟਿੱਮ ਕਰਦਾ ਦੀਵਾ,
ਖ਼ਾਤਰ, ਕਿਸੇ ਦੀ ਹੋਇਆ ਖੀਵਾ।

ਖੂਨ ਜਿਗਰ ਦਾ ਪੀ ਕੇ ਆਪੇ,
ਪਿਆ ਸੜਾਂ ਪਰ ਅੱਗ ਨ ਜਾਪੇ।

ਮੇਰੇ ਲੇਖ ਚਿਰਾਂ ਦੇ ਸੁੱਤੇ,
ਮੇਰੀ ਤਪਦੀ ਲਾਟ ਦੇ ਉੱਤੇ।

ਨਾ, ਕੋਈ ਆ ਕੇ ਸੜੇ ਪਤੰਗਾ,
ਨ ਕੋਈ ਭੇਟਾ ਚੜ੍ਹੇ ਪਤੰਗਾ।

ਨ ਹੀ ਖਾਵੇ ਤਰਸ ਝਨ੍ਹਾਂ,
ਜੋਗੀ ਫੜਨ ਨ ਮੇਰੀ ਬਾਂਹ।

ਲਾਗੇ ਆ ਜਾ ਡਰ ਭੌ ਲਾ ਕੇ,
ਤਿਤਰੀ ਨੂੰ ਬੇ-ਖੌਫ ਬਣਾ ਕੇ।

-੧੩੫-