ਪੰਨਾ:ਮਾਨ-ਸਰੋਵਰ.pdf/137

ਇਹ ਸਫ਼ਾ ਪ੍ਰਮਾਣਿਤ ਹੈ


ਪ੍ਰੀਤਮ ਦੇ ਰੰਗ ਰੱਤਾ ਹੋਇਆ,
ਐਪਰ ਮਾਨ ‘ਚਿ ਮੱਤਾ ਹੋਇਆ।

"ਪੀ ਤੱਕ ਪੀ ਤੱਕ" ਆਂਹਦਾ ਵੇਂ ਤੂੰ,
ਤਿਤਰੀ ਨੂੰ ਝੁਟਲਾਂਦਾ ਏਂ ਤੂੰ।

ਅੜਿਆ ਪ੍ਰੀਤਮ ਪਾ ਕੇ ਅਪਣਾ,
ਸੋਹਣਾ ਰੰਗ ਵਟਾ ਕੇ ਅਪਣਾ।

ਐਡਾ ਮਾਨ ਕਦੇ ਨ ਕਰੀਏ।
ਦਿਲ ਨੂੰ ਡਾਹਢਾ ਕਰਕੇ ਜ਼ਰੀਏ।

ਮੈਨੂੰ ਤਾਂ ਜਾਪੇਂ ਕੋਈ ਰਾਂਝਾ,
ਤਖ਼ਤ ਹਜ਼ਾਰਿਓਂ ਹੋ ਕੇ ਵਾਂਝਾ।

ਪਿਉ ਦੀ ਇੱਜ਼ਤ ਖ਼ਾਕ ਰੁਲਾ ਕੇ,
ਕੰਨਾਂ ਦੇ ਵਿਚ ਮੁੰਦਰਾਂ ਪਾ ਕੇ।

ਮਿਨਤਾਂ ਕਰ ਕਰ ਲੱਖ ਹਜ਼ਾਰਾਂ।
ਬਾਲ ਨਾਥ ਤੋਂ ਮਾਰੀਆਂ ਮਾਰਾਂ।

ਤਿਤਰਾਂ ਵਾਲੀ ਸ਼ਕਲ ਵਟਾਈ।
'ਕਾਲੀ-ਤਿਤਰੀ' ਹੀਰ ਬਣਾਈ।

ਖੁਰਾ ਕਿਤੇ ਕੁਈ ਕੱਢ ਲਏ ਨਾ।
ਖੇੜਾ ਲੱਭ ਕੇ ਵੱਢ ਦਏ ਨਾ।

ਜਾਨਣ ਲੋਕੀ ਕੀ ਵਿਚਾਰੇ।
ਏਸ ਨਵੇਂ ਜੋਗੀ ਦੇ ਕਾਰੇ।

---------

ਯਾਂ ਮਹੀਂਵਾਲ ਵਿਚਾਰਾ ਹੋਸੇਂ,
ਕਿਸੇ ਦਾ ਡੁੁੱਬਾ ਤਾਰਾ ਹੋਸੇਂ,

-੧੩੩-