ਪੰਨਾ:ਮਾਨ-ਸਰੋਵਰ.pdf/133

ਇਹ ਸਫ਼ਾ ਪ੍ਰਮਾਣਿਤ ਹੈ



ਖੜ੍ਹ ਖੜ੍ਹ ਕੇ ਨ ਪਿਛੇ ਨੂੰ ਤੱਕੀਂ,
ਦਿਲ ਆਪਣੇ ਨੂੰ ਕਾਬੂ ਰੱਖੀਂ।
ਥੱਕਦੇ ਪੈਰ ਅਗ੍ਹਾਂ ਨੂੰ ਚੱਕੀਂ,
ਅੱਖੀਆਂ ਖ੍ਹੋਲ ਅਗੇਰੇ ਤੱਕੀਂ।

ਔਹ ਵੇਖੇ ਨ ਉਡਦੀ ਧੂੜ,
ਮੰਜ਼ਲ ਸਾਡੀ ਡਾਢੀ ਦੂਰ।

ਪਹੀਏ ਦੋਵੇਂ ਚੀਂ ਚੀਂ ਕਰਦੇ,
ਖਵਰੇ ਪਾਗਲ ਵਾਟੋਂ ਡਰਦੇ।
ਰੋ ਰੋ ਹੱਟਕੋਰੇ ਭਰਦੇ,
ਲੀਹਾਂ ਦੇ ਵੀ ਧੱਕੇ ਜਰਦੇ।

ਲੱਗ ਨ ਥੱਮ੍ਹੇਂ, ਥਿੜਕ ਨ ਖਾ,
ਲੁੜ੍ਹਕ ਨ ਖਿਛੇ ਅੱਗੇ ਆ।
ਆਸ ਨ ਆਪਣੇ ਦਿਲ ਦੀ ਢਾਹ,
ਡੁੁੱਬਾ ਨਹੀਂ ਦਿਨ ਝਾਤੀ ਪਾ।

ਬੱਦਲਾਂ ਪਿਛੇ ਚਮਕੇ ਨੂਰ,
ਮੰਜ਼ਲ ਸਾਡੀ ਡਾਢੀ ਦੂਰ।

ਕੀ ਹੋਇਆ ਜੇ ਉਮਰ ਬਿਤਾਈ,
ਜੀਵਨ-ਕਲੀ ਤੇਰੀ ਮੁਰਝਾਈ।
ਨੈਣਾਂ ਦੇ ਵਿਚ ਨੂਰ ਨ ਕਾਈ,
ਦਿਲ ਦੇ ਵਿਚ ਸਰੂਰ ਨ ਕਾਈ।

-੧੨੯-