ਪੰਨਾ:ਮਾਨ-ਸਰੋਵਰ.pdf/102

ਇਹ ਸਫ਼ਾ ਪ੍ਰਮਾਣਿਤ ਹੈ


ਇਸ ਧਰਤ ਵੀ ਵੈਰੀ ਦਲਾਂ ਦਾ, ਨਹੀਂ ਬੋਝ ਉਠਾਇਆ ।
ਉਥੇ ਗਲੀਆਂ ਦਾ ਹਰ ਕੱਖ ਵੀ, ਫੜ ਸ਼ਸਤਰ ਆਇਆ ।
ਤੂੰ ਕਿਓਂ ਗੁੱਸੇ ਵਿਚ ਆਣਕੇ, ਹੈ ਹੋਸ਼ ਭੁਲਾਇਆ ।
ਮੇਰੇ ਲਸ਼ਕਰ ਲਾਗੇ ਆ ਗਏ, (ਮੈਂ) ਸੈ ਤੋਪ ਲਿਆਇਆ ।
ਜ਼ਰਾ ਸ਼ਾਹੀ ਫ਼ੌਜਾਂ ਆਉਣ ਦੇ, ਕਰੇ ਦਊਂ ਸਫਇਆ।
ਮਹਾਰਾਜੇ ਸਮਾ ਨਿਹੰਗ ਦਾ, ਬੇ-ਅਰਥ ਗਵਾਇਆ ।
ਆਈ ਠੰਡਾ ਕਰਨ ਤੇ੍ਲ ਜਿਓਂ, ਸੂਰਜ ਗਰਮਾਇਆ ।
ਗੱਲ ਪੋਹੀ ਇਕ ਨਾ ਸਿੰਘ ਨੂੰ, ਨਾ ਦਿਲ ਤੇ ਲਿਆਇਆ ।
ਉਦ੍ਹਾ ਮੱਥਾ ਭਖਿਆ ਭੱਠ ਜਿਉਂ, ਲੂੰ ਲੂੰ ਕੰਡਿਆਇਆ ।
ਉਦ੍ਹੇ ਨੈਣਾਂ ਲਾਟਾਂ ਛੱਡੀਆਂ, ਆਇ ਸੇਕ ਸਿਵਾਇਆ।
ਉਦ੍ਹੇ ਫੜਕ ਫੜਕ ਕੇ ਡੌਲਿਆਂ, ਏਹ ਖ਼ੌਫ਼ ਖਿੰਡਾਇਆ ।
ਏਹਨੇ ਸਾੜ ਸਵਾਹ ਕਰ ਸੁੱਟਣਾ, ਜੋ ਸਾਹਵੇਂ ਆਇਆ ।
ਉਸ ਮਹਾਰਾਜੇ ਰਣਜੀਤ ਨੂੰ, ਏਹ ਬਚਨ ਸੁਣਾਇਆ ।

“ਤੂੰ ਆਪ ਸੁਣੀਂ ਅਰਦਾਸ ਜਾਂ, ਸੁਣ ਲਿਆ ਜੈਕਾਰਾ ।
ਓਇ ਫਿਰ ਕਿਓਂ ਮੈਨੂੰ ਜਾਂਦਿਆਂ, ਪਾਇਆ ਅਟਕਾਰਾ ।
ਮੈਂ ਅੰਮ੍ਰਿਤ ਛਕਿਆ ਬਾਟਿਓਂ, ਲੈ ਖੰਡੇ ਧਾਰਾ ।
ਮੈਂ ਸਿੰਘ ਗੁਰੂ ਦਸਮੇਸ਼ ਦਾ, ਕੋਈ ਨਹੀਂ ਵਣਜਾਰਾ ।
ਮੇਰੀ ਬਾਹੀਂ ਨ ਛਣਕਣ ਚੂੜੀਆਂ, ਇਹ ਕੜਾ ਕਰਾਰਾ ।
ਏਥੇ ਜੋ ਘੜਿਆ ਸੋ ਭੱਜਸੀ, ਸੱਭ ਟੁੱਟਣ ਹਾਰਾ ।
ਸੌ ਤੋਪ ਨਹੀਂ ਤੇਰੀ ਚਾਹੀਦੀ, ਨ ਲਸ਼ਕਰ ਭਾਰਾ ।
ਉਤੇ ਪੀਰ-ਸੁਭਾਗੇ ਦੇ ਰਿਹਾ, ਮੇਰਾ ਗੁਰੂ ਦੀਦਾਰਾ ।
ਕੀ ਹੋਇਆ ਸਾਹਵੇਂ ਤੁਰਕੜਾ, ਜੇ ਬੇ-ਸ਼ੁਮਾਰਾ।
ਮੈਂ ਦਾਣਿਆਂ ਵਾਂਗੂੰ ਪੀਹ ਦਊਂ, ਵਿਚ ਅੱਖ ਪਲਕਾਰਾ ।
ਪਰ ਢੈਂਦੀਆਂ ਕਲਾਂ ਦਾ ਬਚਨ ਤੂੰ, ਅੱਜ ਕੀਤਾ ਸਾਰਾ ।

- ੯੮ -