ਪੰਨਾ:ਮਾਨ-ਸਰੋਵਰ.pdf/101

ਇਹ ਸਫ਼ਾ ਪ੍ਰਮਾਣਿਤ ਹੈ


ਫਿਰ ਆਖਿਆ ਮੁੂੂੰਹੋਂ ‘ਸਤਨਾਮ’, ਸਭ ਨੂੰ ਬਿਠਲਾਇਆ ।
ਕਰ ਪਾਠ 'ਚੰਡੀ ਦੀ ਵਾਰ' ਦਾ, ਉਸ ਆਪ ਸੁਣਾਇਆ ।
ਫਿਰ ਖੜਾ ਹੋਇਆ ਅਰਦਾਸ ਲਈ, ਗਲ ਪੱਲਾ ਪਾਇਆ ।
ਉਸ ਸਿਮਰ "ਭਗੌਤੀ ਪ੍ਰਿਥਮੇਂ", ਗੁਰੂ ਨਾਨਕ ਧਿਆਇਆ ।
ਫਿਰ ਸੱਭੇ ਸਿਮਰੇ 'ਪਾਤਸ਼ਾਹ', ਦਸਮੇਸ਼ ਮਨਾਇਆ।
ਉਨ੍ਹੇ ਰੱਜ ਰੱਜ ਸਭ ਕੁਝ ਕਹਿ ਲਿਆ, ਜੋ ਕਹਿਣਾ ਚਾਹਿਆ:-
"ਮੇਰੇ ਕਲਗੀਆਂ ਵਾਲੇ 'ਪਾਤਸ਼ਾਹ', ਸਿੰਘ ਸ਼ਰਨੀ ਆਇਆ ।
ਅਸੀਂ ਲੜਨ ਮਰਨ ਤੋਂ ਕਦੀ ਵੀ, ਨਹੀਂ ਚਿੱਤ ਚੁਰਾਇਆ ।
ਉਸ ਪਾਸੇ ਦਾਤਾ ਸੁਣੀਂਦਾ, ਮੁਲਖੱਈਆ ਧਾਇਆ ।
ਪਰ ਹੇਠ ਕਮਾਨ ਅਸਾਡੜੀ, ਅੱਜ ਸਿੰਘ ਸਵਾਇਆ ।
ਮੈਂ ਜੀਣਾਂ ਹੋਰ ਨ ਲੋੜਦਾ, ਮੈਨੂੰ ਕਾਲ ਸੁਖਾਇਆ ।
(ਪਰ) ਅੱਜ ਤਕ ਹਿੱਸੇ ਹਾਰਨਾ, ਨਹੀਂ ਸਾਡੇ ਆਇਆ ।
ਅਸੀਂ ਖਿਨ ਖਿਨ ਭੁਲੇ ਦਾਤਿਆ ! ਤੂੰ ਬਖ਼ਸ਼ ਮਿਲਾਇਆ ।
ਸਦਾ ਔਖੀ ਵੇਲੇ ਸਿੰਘ ਦੀ, ਤੂੰ ਰੱਖਦਾ ਆਇਆ ।
ਰੱਖੀ ਬਿਰਦ-ਬਾਣੇ ਦੀ ਲੱਜਿਆ, ਹੋ ਸੰਗ ਸਹਾਇਆ।"
ਫਿਰ ਟੇਕ ਮੱਥਾ ਸਰਬੱਤ ਦਾ, ਉਸ ਭਲਾ ਮੰਗਾਇਆ।
ਜੈਕਾਰਾ ਉਠ ਡੰਡੌਤ ਚੋਂ, ਜਾਂ ਓਸ ਗਜਾਇਆ ।
ਤਦ ਕਾਂਬਾ ਖਾਧਾ ਪਰਬਤਾਂ, ਅੰਬਰ ਲਰਜ਼ਾਇਆ ।
ਸੌ ਬਿਜਲੀਆਂ ਜਿਉਂ ਰਲ ਟੁੁੱਟੀਆਂ, ਅਕਾਸ਼ ਥੱਰਾਇਆ ।
ਆ ਪੰਛੀ ਸਹਿਮੇ ਆਹਲਣੀਂ, ਝੱਟ ਬੋਟ ਲੁਕਾਇਆ ।
(ਪਰ) ਕਿਸੇ ਲੇਖ ਸੜੇ ਦਾ ਆਲ੍ਹਣਾ, ਇਦ੍ਹੀ ਮਾਰ 'ਚ ਆਇਆ ।
ਹੁਣ ਕੂਚ ਬੁਲਾਵਣ ਲਈ ਜਾਂ, ਉਸ ਕਹਿਣਾ ਚਾਹਿਆ ।
ਇਸ ਵਲੇ ਆ ਕੇ ਰੱਬ ਨੇ, ਇਹ ਢੋ ਢੁਕਾਇਆ।
ਝੱਟ ਮਹਾਰਾਜੇ ਰਣਜੀਤ ਸਿੰਘ, ਫੜ ਬਾਹੋਂ ਹਿਲਾਇਆ:-
"ਘੜੀ ਠਹਿਰੋ ਸਿੰਘ ਨਿਹੰਗ ਜੀ !" ਉਸਨੇ ਫੁਰਮਾਇਆ:-

- ੯੭ -