ਪੰਨਾ:ਮਾਨ-ਸਰੋਵਰ.pdf/100

ਇਹ ਸਫ਼ਾ ਪ੍ਰਮਾਣਿਤ ਹੈ


ਉਨ੍ਹਾਂ ਲੱਤਾਂ ਲੱਠ ਜਿਉਂ ਕੋਹਲੂਆਂ, ਤੇ ਪੈਰ ਪਥੀੜੇ ।
ਉਨ੍ਹਾਂਂ ਰਾਹਦੇ ਪੱਥਰ ਤਿਲਾਂ ਵਾਂਗ,ਬਿਨ ਘਾਣੀਓਂ ਪੀੜੇ ।
ਹਨ ਸਤ ਸਤ ਫੁਟ ਦੇ ਉਹ ਵੀ, ਜੋ ਨੇ ਮਧਰ੍ਹੀੜੇ ।
ਉਨ੍ਹਾਂਂ ਜਮਦੂਤਾਂ ਦੇ ਝੁੰਡ ਦੇ, ਕੋਈ ਅਜਬ ਨੇ ਲੀੜੇ
ਉਨ੍ਹਾਂਂ ਕੁੜਤੇ ਵੀਹ ਵੀਹ ਗੱਜ਼ ਦੇ, ਹਾਲੀ ਵੀ ਭੀੜੇ ।
ਉਨ੍ਹਾਂਂ ਟਾਂਕੇ ਮਾਰੇ ਜਾਕਟੀਂ, ਨਹੀਂ ਲਾਏ ਬੀੜੇ ।
ਇਉਂ ਉਨਾਂ ਲੱਕ ਦੇ ਸੁਥਣਾਂ, ਜਿਵੇਂ ਤੰਬੂ ਸੀੜੇ ।
ਉਹ ਤਲੀਏਂ ਪੱਥਰ ਭੋਰਦੇ, ਜਿਓਂ ਗੂੰਦ ਕਤੀਰੇ ।
ਉਸ ਇਕ ਇਕ ਅਜ਼ਰਾਈਲ ਨੇ, ਏਹ ਚੁੱਕੇ ਬੀੜੇ:-
"ਇਹੋ ਆਏ ਨੇ ਸਾਡੇ ਸਾਹਮਣੇ, ਜੋ ਸਿੰਘ ਮਰੀੜੇ ।"
"ਅਸੀਂ ਕਾਬਲ ਬੰਨ੍ਹ ਲੈ ਜਾਵਣੇ, ਪਾ ਨੱਕ ਨਕੀੜੇ ।"
ਉਥੇ ਗਿਣਤੀ ਮੂਲ ਨ ਦਲਾਂ ਦੀ, ਨਹੀਂ ਚਿੱਠੇ ਚੀਰੇ ।
ਘਰ ਰਹੀਆਂ ਬਸ ਜਨਾਨੀਆਂ, ਜਾਂ ਬੁੱਢੇ ਠੀਰੇ ।
ਓਥੇ ਕਾਣੇ ਗੰਜੇ ਆ ਗਏ, ਕੁੱਲ ਬਾਖੇ ਟੀਰੇ ।
ਓਥੇ ਨਿਤ ਨਵੇਂ ਤੋਂ ਨਵੇਂ ਦਲ, ਆ ਰਲੇ ਵਹੀਰੇ।
ਜਿਵੇਂ ਰੁਡੀ ਪਾਣੀ ਪੈ ਗਿਆ, ਆ ਨਿਕਲੇ ਕੀੜੇ ।

ਇਉਂ ਸੂਹੀਏ ਦੀ ਹਰ ਗਲ ਨੇ, ਜਦ ਰੋਹ ਚੜ੍ਹਾਇਆ ।
ਤਦ ਸੰਤ 'ਸਿਪਾਹੀ' ਆਪਣੀ, ਆਈ ਤੇ ਆਇਆ ।
ਘਰ ਕਿੱਦਾਂ ਜਾਊ ਪਰਤ ਕੇ; ਉਹ ਮਾਂ ਦਾ ਜਾਇਆ ।
ਜਿਨ੍ਹੇ ਝੱਲੀਂ ਸੁੁੱਤੇ ਸ਼ੇਰ ਨੂੰ, ਆ ਟੁੁੰਬ ਜਗਾਇਆ ।
ਉਹਨੂੰ ਗੁੱਸਾ ਚੜ੍ਹ ਗਿਆ ਕਹਿਰ ਦਾ, ਨ ਹਟੇ ਹਟਾਇਆ।
ਪਰ ਰਤਾ ਕੁ ਆਪਣੇ ਆਪ ਤੇ, ਉਸ ਕਾਬੂ ਪਾਇਆ।
ਉਹਤੋਂ ਗਲ ਨ ਨਿਕਲੇ ਸਾਬਤੇ, ਕਈ ਵਾਰ ਥਥਾਇਆ ।
(ਪਰ) ਉਨ੍ਹੇ ਗਲਾਂ ਕੀਤੀਆਂ ਥੋੜੀਆਂ, ਮਤਲਬ ਸਮਝਾਇਆ।

- ੯੬ -