ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਟ ਨੇ ਹਉਕਾ ਭਰਦਿਆਂ ਆਖਿਆ·

"ਠੀਕ ਏ, ਜੇ ਮੈਨੂੰ ਨਹੀਂ ਦਸਣਾ ਚਾਹੁੰਦੇ, ਤੇ ਨਾ ਦੱਸੋ। ਤੇ ਹੁਣ ਮੈਂ ਚਲਨਾਂ, ਮੇਰੀ ਰੋਟੀ ਮੈਨੂੰ ਉਡੀਕ ਰਹੀ ਏ।"

ਜਾਗੀਰਦਾਰ ਨੂੰ ਆਪਣੀ ਆਕੜਖਾਨੀ ਭੁਲ ਗਈ। ਲਾਲਚ ਨਾਲ ਉਹਨੂੰ ਜਿਵੇਂ ਕੰਬਣੀ ਛਿੜੀ ਹੋਈ ਸੀ।

"ਜਟ ਨੂੰ ਮੈਂ ਫਸਾ ਲੈਣੈਂ," ਉਹਨੇ ਦਿਲ ਵਿਚ ਸੋਚਿਆ, "ਤੇ ਸੋਨਾ ਲੈ ਲੈਣੈਂ ਇਹਦੇ ਕੋਲੋਂ।" ਤੇ ਉਹ ਜਟ ਨੂੰ ਆਖਣ ਲਗਾ:

"ਗਲ ਸੁਣ, ਭਲਿਆ ਲੋਕਾ, ਘਰ ਜਾਣ ਦੀ ਕਾਹਲ ਕਿਉਂ ਪਈ ਹੋਈ ਆ? ਜੇ ਭੁਖ ਲਗੀ ਹੋਈ ਆ, ਤਾਂ ਰੋਟੀ ਮੇਰੇ ਨਾਲ ਖਾ ਲੈ। ਨੌਕਰੋ-ਚਾਕਰੋ, ਆਓ, ਛੇਤੀ ਕਰੋ ਤੇ ਮੇਜ਼ ਲਾ ਦਿਓ, ਤੇ ਵੋਦਕਾ ਲਿਆਣੀ ਨਾ ਭੁਲਣਾ।"

ਨੌਕਰਾਂ ਨੇ ਇਕਦਮ ਹੀ ਮੇਜ਼ ਲਾ ਦਿਤਾ, ਵੋਦਕਾ ਤੇ ਠੰਡੇ ਪਕਵਾਣ ਪਰੋਸ ਦਿਤੇ, ਤੇ ਜਾਗੀਰਦਾਰ ਜਟ ਨੂੰ ਖੁਸ਼ ਕਰਨ ਲਗਾ, ਉਹਨੂੰ ਕਦੀ ਇਕ ਚੀਜ਼ ਪੇਸ਼ ਕਰਦਾ ਤੇ ਕਦੀ ਦੂਜੀ।

"ਪੀ, ਭਲਿਆ ਲੋਕਾ, ਤੇ ਢਿਡ ਭਰ ਕੇ ਖਾ! ਤੁਕੱਲਫ਼ ਨਾ ਕਰ!"ਉਹਨੇ ਆਖਿਆ।

ਤੇ ਜਟ ਨੇ ਨਾਂਹ ਨਾ ਕੀਤੀ ਤੇ ਢਿਡ ਭਰ ਕੇ ਖਾਧਾ-ਪੀਤਾ, ਤੇ ਏਧਰ ਜਾਗੀਰਦਾਰ ਉਹਦੀ ਪਲੇਟ ਉਤੇ ਢੇਰ ਲਾਂਦਾ ਤੇ ਉਹਦਾ ਗਲਾਸ ਮੁੜ ਭਰਦਾ ਰਿਹਾ।

ਜਢੋਂ ਜਟ ਨੇ ਏਨਾ ਖਾ-ਪੀ ਲਿਆ, ਜਿਸ ਤੋਂ ਵਧ ਉਹ ਖਾ-ਪੀ ਨਹੀਂ ਸੀ ਸਕਦਾ, ਜਾਗੀਰਦਾਰ ਨੇ ਕਿਹਾ

"ਹੱਛਾ ਤੇ ਹੁਣ ਛੇਤੀ ਨਾਲ ਜਾ ਤੇ ਘੋੜੇ ਦੇ ਸਿਰ ਜਿੱਡਾ ਸੋਨੇ ਵਾਲਾ ਡਲਾ ਲੈ ਆ! ਉਹਦਾ ਕੀ ਬਣਾਣੈਂ, ਇਹਦਾ ਮੈਨੂੰ ਤੇਰੇ ਨਾਲੋਂ ਬਹੁਤਾ ਪਤੈ। ਤੇ ਤੈਨੂੰ ਮੈਂ ਇਕ ਰੂਬਲ ਇਨਾਮ ਦਿਆਂਗਾ।"

"ਨਹੀਂ, ਮਲਕ ਸਾਹਿਬ, ਮੈਂ ਸੋਨਾ ਨਹੀਂ ਲਿਆ ਕੇ ਦੇਣ ਲਗਾ ਜੇ,"ਜਟ ਨੇ ਆਖਿਆ।

"ਕਿਉਂ ਨਹੀਂ ਲਿਆ ਕੇ ਦੇਣ ਲਗਾ?"

"ਏਸ ਲਈ ਕਿ ਮੇਰੇ ਕੋਲ ਹੈ ਈ ਨਹੀਂ।"

"ਕਿ ਕਿਹਾ ਈ?! ਤਾਂ ਮੁਲ ਕਿਉਂ ਪੁਛਦਾ ਸੈਂ?"

"ਐਵੇਂ ਪਤਾ ਕਰਨ ਲਈ!"

ਜਾਗੀਰਦਾਰ ਨੂੰ ਤਾਅ ਚੜ੍ਹ ਗਿਆ। ਉਹਦਾ ਮੂੰਹ ਸੂਹਾ ਹੋ ਗਿਆ ਤੇ ਉਹ ਜ਼ਮੀਨ ਉਤੇ ਪੈਰ ਮਾਰਨ ਲਗਾ

"ਨਿਕਲ ਜਾ ਏਥੋਂ, ਬੇਵਾਕੂਫ਼ਾ!' ਉਹ ਕੜਕਿਆ।

ਜਵਾਬ ਵਿਚ ਜਟ ਨੇ ਆਖਿਆ:

"ਬਹੁਤ ਈ ਮਿਹਰਵਾਣ ਮਲਕ ਸਾਹਬ, ਮੈਂ ਏਡਾ ਬੇਵਾਕੂਫ਼ ਨਹੀਂ, ਜਿੱਡਾ ਮੈਨੂੰ ਤੁਸੀਂ ਸਮਝਦੇ ਹੋ! ਤੁਹਾਡੇ ਸਿਰੋਂ ਥੋੜੀ ਜਿਹੀ ਮੌਜ ਲੁਟ ਲਈ ਏ, ਤੇ ਨਾਲ ਈ ਤਿੰਨ ਬੋਰੀਆਂ ਕਣਕ ਤੇ ਗੋਲ ਸਿੰਙਾਂ ਵਾਲੇ ਢਗਿਆਂ ਦੀ ਸ਼ਰਤ ਜਿਤ ਲਈ ਏ। ਇਹ ਕੁਝ ਕਰਨ ਲਈ ਦਮਾਗ਼ ਦੀ ਲੋੜ ਏ!"

ਤੇ ਇਹ ਕਹਿ ਉਹ ਚਲਾ ਗਿਆ।