ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਵੇਖਦਾ ਜਾ, ਹੁਣੇ ਇਸ ਘੋੜੇ ਜਿਹੇ ਦੀ ਮਰੁੰਮਤ ਕਰਨੇ ਹਾਂ।"ਕੁੱਤੇ ਨੇ ਕਿਹਾ।

ਤੇ ਉਹ ਫੇਰ ਜ਼ਮੀਨ ਉਤੇ ਪੌਂਚੇ ਮਾਰਨ ਲਗ ਪਿਆ।

"ਭਰਾ ਬਿੱਲਿਆ, ਵੇਖੀਂ ਮੇਰੀਆਂ ਅੱਖਾਂ ਧੁੰਦਲਾ ਗਈਆਂ ਨੇ ਕਿ ਨਹੀਂ," ਕੁਝ ਚਿਰ ਪਿਛੋਂ ਉਹਨੇ ਕਿਹਾ।

"ਨਾ, ਨਹੀਂ ਧੁੰਦਲਾਈਆਂ," ਬਿੱਲੇ ਨੇ ਜਵਾਬ ਦਿਤਾ।

"ਝੂਠ ਬੋਲ ਰਿਹੈਂ! ਤੈਨੂੰ ਕਹਿਣਾ ਚਾਹੀਦੈ ਕਿ ਧੁੰਦਲਾ ਗਈਆਂ ਨੇ।"

"ਠੀਕ ਏ, ਜੇ ਤੂੰ ਇੰਜ ਕਹਿਣੈ ਤਾਂ ਧੁੰਦਲਾ ਗਈਆਂ ਨੇ ਫੇਰ, ਮੇਰਾ ਕੀ ਜਾਂਦੇ," ਬਿੱਲੇ ਨੇ ਆਖਿਆ!

ਫੇਰ ਕੁੱਤੇ ਨੇ ਗੁੱਸਾ ਖਾਧਾ ਤੇ ਘੋੜੇ ਉਤੇ ਟੁੱਟ ਪਿਆ। ਪਰ ਘੋੜਾ ਦੁਲੱਤੀਆਂ ਮਾਰਨ ਲਗ ਪਿਆ ਤੇ ਕੁੱਤੇ ਨੂੰ ਉਹਨੇ ਇਕ ਸਿਰ ਉਤੇ ਠੋਕੀ! ਤੇ ਕੁੱਤਾ ਜ਼ਮੀਨ ਉਤੇ ਜਾ ਪਿਆ ਤੇ ਉਹਦੇ ਆਨੇ ਨਿਕਲ ਆਏ। ਤੇ ਬਿੱਲਾ ਭੱਜਾ-ਭੱਜਾ ਉਹਦੇ ਕੋਲ ਆਇਆ ਤੇ ਕਹਿਣ ਲਗਾ:

"ਵਾਹ, ਭਰਾ ਕੁਤਿਆ, ਹੁਣ ਅੱਖਾਂ ਸਚੀ ਮੁਚੀ ਈ ਧੁੰਦਲਾ ਗਈਆਂ ਨੀ।"