ਇਹ ਸਫ਼ਾ ਪ੍ਰਮਾਣਿਤ ਹੈ

ਦੇ ਦੈਂਂਤ, ਚੁਦੋ-ਯੁਦੋ, ਨਾਲ ਲੜਾਈ ਲੜਨ ਆਏ ਹਾਂ, ਏਸ ਲਈ ਕਿ ਉਹ ਸਾਡੇ ਦੇਸ਼ 'ਤੇ ਹੱਲਾ ਨਾ ਬੋਲ ਸਕੇ।"

"ਵਾਹ-ਵਾਹ, ਮੇਰੇ ਭਲੇ ਨੌਜਵਾਨੋ, ਚੰਗਾ ਕੰਮ ਕਰਨ ਚੱਲੇ ਹੋ! ਉਹ ਕਾਲੇ ਦਿਲ ਵਾਲਾ ਦੈਂਤ, ਜਿਥੇ ਕਿਤੇ ਵੀ ਨਾਜ਼ਲ ਹੁੰਦਾ ਏ, ਲੁਟਦਾ ਤੇ ਮਾਰਦਾ ਏ ਤੇ ਉਜਾੜ ਕੇ ਰਖ ਜਾਂਦਾ ਏ। ਤੇ ਇਹੋ ਕੁਝ ਉਹਨੇ ਸਾਡੇ ਪਾਸੇ ਵੀ ਕੀਤਾ ਏ। ਮੈਂ 'ਕੱਲੀ ਜਿਉਂਦੀ ਰਹਿ ਗਈ ਹਾਂ..."

ਭਰਾਵਾਂ ਨੇ ਰਾਤ ਬੁੱਢੀ ਦੇ ਘਰ ਬਿਤਾਈ, ਤੇ ਸਵੇਰ-ਸਾਰ ਹੀ ਉਠ ਖਲੋਤੇ ਤੇ ਫੇਰ ਆਪਣੇ ਸਫ਼ਰ 'ਤੇ ਚਲ ਪਏ।

ਉਹ ਪੀਲੂਆਂ ਵਾਲੇ ਦਰਿਆ ਤੇ ਬੇਰੀਆਂ ਵਾਲੇ ਪੁਲ ਤਕ ਆਏ, ਤੇ ਉਹਨਾਂ ਵੇਖਿਆ ਕਿ ਦਰਿਆ ਦਾ ਕੰਢਾ ਟੁੱਟੀਆਂ ਤਲਵਾਰਾਂ, ਟੁੱਟੇ ਕਮਾਣਾਂ ਤੇ ਆਦਮੀ ਦੀਆਂ ਹੱਡੀਆਂ ਨਾਲ ਪਰੁਚਿਆ ਪਿਆ ਸੀ। ਨੇੜੇ ਹੀ ਇਕ ਸਖਣੀ ਝੁੱਗੀ ਸੀ ਤੇ ਉਹਨਾਂ ਓਥੇ ਹੀ ਅਟਕਣ ਦਾ ਮਤਾ ਪਕਾਇਆ।

"ਮੇਰਿਓ ਭਰਾਵੋ, ਮੇਰੀ ਗਲ ਸੁਣੋ," ਈਵਾਨ ਨੇ ਆਖਿਆ। "ਅਸੀਂ ਦੁਰਾਡੇ ਤੇ ਓਪਰੇ ਇਲਾਕੇ 'ਚ ਆਏ ਹੋਏ ਹਾਂ, ਤੇ ਸਾਨੂੰ ਹੁਸ਼ਿਆਰ ਰਹਿਣਾ ਚਾਹੀਦੈ ਤੇ ਹਰ ਆਵਾਜ਼ ’ਤੇ ਕੰਨ ਧਰਨਾ ਚਾਹੀਦੈ। ਆਓ ਵਾਰੀ-ਵਾਰੀ ਪਹਿਰਾ ਦਈਏ, ਤਾਂ ਜੁ ਦੈਂਂਤਾਂ ਦਾ ਦੈਂਂਤ, ਚੁਦੋ-ਯੁਦੋ ਬੇਰੀਆਂ ਵਾਲਾ ਪੁਲ ਪਾਰ ਨਾ ਕਰ ਸਕੇ।"

ਪਹਿਲੀ ਰਾਤ ਸਭ ਤੋਂ ਵਡਾ ਭਰਾ ਪਹਿਰਾ ਦੇਣ ਗਿਆ। ਉਹ ਕੰਢੇ ਦੇ ਨਾਲ-ਨਾਲ ਟੁਰਦਾ ਤੇ ਦਾਖਾਂ ਵਾਲੇ ਦਰਿਆ ਦੇ ਪਾਰ ਤਕਦਾ ਰਿਹਾ। ਹਰ ਪਾਸੇ ਚੁਪ-ਚਾਂ ਸੀ, ਕੋਈ ਦਿਸ ਨਹੀਂ ਸੀ ਰਿਹਾ, ਕੁਝ ਸੁਣੀ ਨਹੀਂ ਸੀ ਰਿਹਾ। ਇਸ ਲਈ, ਉਹ ਇਕ ਝਾੜੀ ਹੇਠ ਲੰਮਾ ਪੈ ਗਿਆ ਤੇ ਇਕਦਮ ਸੌਂ ਗਿਆ ਤੇ ਉਚੀ-ਉਚੀ ਘੁਰਾੜੇ ਮਾਰਨ ਲਗ ਪਿਆ।

ਤੇ ਏਧਰ ਈਵਾਨ ਝੁੱਗੀ ਵਿਚ ਲੇਟਿਆ ਹੋਇਆ ਸੀ ਤੇ ਉਹਨੂੰ ਨੀਂਦਰ ਨਹੀਂ ਸੀ ਪੈ ਰਹੀ, ਊਂਘ ਤਕ ਵੀ ਨਹੀਂ ਸੀ ਆ ਰਹੀ। ਤੇ ਜਦੋਂ ਅੱਧੀ ਰਾਤ ਲੰਘ ਗਈ, ਉਹਨੇ ਦਮਸ਼ਕ ਦੇ ਫ਼ੌਲਾਦ ਦੀ ਬਣੀ ਆਪਣੀ ਤੇਗ ਚੁਕੀ ਤੇ ਦਾਖਾਂ ਵਾਲੇ ਦਰਿਆ ਵਲ ਹੋ ਪਿਆ। ਉਹਨੇ ਵੇਖਿਆ, ਤੇ ਓਥੇ ਝਾੜੀ ਹੇਠ ਉਹਦਾ ਵਡਾ ਭਰਾ ਗੂਹੜੀ ਨੀਂਦਰੇ ਸੁੱਤਾ ਪਿਆ ਸੀ ਤੇ ਜ਼ੋਰ-ਜ਼ੋਰ ਦੀ ਘੁਰਾੜੇ ਮਾਰ ਰਿਹਾ ਸੀ। ਪਰ ਈਵਾਨ ਨੇ ਉਹਨੂੰ ਨਾ ਜਗਾਇਆ। ਸਗੋਂ ਉਹ ਬੇਰੀਆਂ ਵਾਲੇ ਪੁਲ ਹੇਠਾਂ ਲੁਕ ਗਿਆ ਤੇ ਓਥੇ ਖੜਾ ਲਾਂਘੇ ਉਤੇ ਪਹਿਰਾ ਦੇਣ ਲਗ ਪਿਆ।

ਚਾਣਚਕ ਹੀ ਦਰਿਆ ਦਾ ਪਾਣੀ ਖੌਲਣ ਤੇ ਉਬਾਲੇ ਖਾਣ ਲਗ ਪਿਆ ਤੇ ਸ਼ਾਹ ਬਲੂਤ ਦੇ ਦਰਖ਼ਤਾਂ ਵਿਚੋਂ ਉਕਾਬ ਚੀਕਣ ਲਗ ਪਏ, ਤੇ ਦੈਂਤਾਂ ਦਾ ਦੈਂਤ, ਚੁਦੋ-ਯੁਦੋ, ਉਹ ਜਿਹਦੇ ਛੇ ਸਿਰ ਸਨ, ਘੋੜੇ ਉਤੇ ਅਸਵਾਰ ਆ ਪਹੁੰਚਿਆ। ਉਹ ਬੇਰੀਆਂ ਵਾਲੇ ਪੁਲ ਦੇ ਅਧ ਤਕ ਆਇਆ ਤੇ ਉਹਦੇ ਹੇਠਲਾ ਘੋੜਾ ਥਿੜਕ ਪਿਆ, ਉਹਦੇ ਮੋਢੇ ਉਤੇ ਬੈਠੇ ਕਾਲੇ ਕੋਗੜ-ਕਾਂ ਨੇ ਖੰਭ ਫੜਕਾਏ ਤੇ ਉਹਦੇ ਪਿਛੇ ਟੁਰੇ ਆਂਦੇ ਕਾਲੇ ਕੁੱਤੇ ਨੇ ਕੰਨ ਖੜੇ ਕਰ ਲਏ।

ਚੁਦੋ-ਯੁਦੋ ਨੇ, ਉਹ ਜਿਹਦੇ ਛੇ ਸਿਰ ਸਨ ਕਿਹਾ:

"ਮੇਰੇ ਘੋੜਿਆ, ਥਿੜਕ ਕਿਉਂ ਰਿਹੈਂ? ਕਾਲੇ ਕੋਗੜ-ਕਾਵਾਂ, ਖੰਭ ਕਿਉਂ ਫੜਕਾ ਰਿਹੈਂ? ਕਾਲੇ ਕੁਤਿਆ, ਕੰਨ ਕਿਉਂ ਖੜੇ ਕਰ ਲਏ ਨੀ? ਕਿਸਾਨਾਂ ਦੇ ਮੁੰਡੇ ਈਵਾਨ ਦੀ ਬੋ ਆਈ ਜੇ? ਪਰ ਉਹ ਤੇ ਅਜੇ ਜੰਮਿਆ ਈ ਨਹੀਂ, ਤੇ ਜੇ ਉਹ ਜੰਮਿਆ ਵੀ ਹੋਇਐ, ਤਾਂ ਮੇਰੇ ਸਾਹਮਣੇ ਉਹ ਕੀ ਚੀਜ਼ ਏ। ਮੈਂ ਉਹਨੂੰ ਇਕ ਹਥ ਨਾਲ ਫੜ ਲਵਾਂਗਾ ਤੇ ਦੂਜੇ ਨਾਲ ਫੇਹ ਦਿਆਂਗਾ।"

੨੭