ਪੰਨਾ:ਮਾਣਕ ਪਰਬਤ.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਪਹਾੜੀਆਂ ਤੇ ਖੱਡਾਂ, ਲੂਣੇ ਪਾਣੀ ਵਾਲੀਆਂ ਝੀਲਾਂ ਤੇ ਰੇਤ - ਛਲਾਵੇ ਪਿਛੇ ਛਡਦਾ, ਉਹ ਬਦਲਾਂ ਤੋ ਨੀਵਾਂ, ਪਰ ਟਪਰੀਵਾਸਾਂ ਦੇ ਖੈ਼ਮਿਆਂ ਦੀਆਂ ਨੋਕਾਂ ਤੋਂ ਉੱਚਾ, ਉਡਦਾ ਗਿਆ। ਉਹਨੂੰ ਖਾਨ ਦਾ ਹੁਕਮ ਪੂਰਾ ਕਰਨ ਤੇ ਆਪਣੀ ਘਰ ਵਾਲੀ ਕੋਲ ਵਾਪਸ ਪਹੁੰਚਣ ਦੀ ਏਨੀ ਕਾਹਲ ਪਈ ਹੋਈ ਸੀ ਕਿ ਉਹ ਦਿਨੇ ਖਾਣ-ਪੀਣ ਲਈ ਨਾ ਅਟਕਿਆ ਤੇ ਨਾ ਰਾਤੀਂ ਸੌਣ ਲਈ ਤੇ ਉਹਨੂੰ ਦਿਨ ਰਾਤ ਦੀ ਗਿਣਤੀ ਦਾ ਚੇਤਾ ਨਾ ਰਿਹਾ।

ਇਸ ਤਰ੍ਹਾਂ ਉਹ ਕਿੰਨਾ ਹੀ ਚਿਰ ਚਲਦਾ ਗਿਆ, ਤੇ ਅਖ਼ੀਰ ਉਹ ਸਮੁੰਦਰ ਜਿੰਨੇ ਚੌੜੇ ਇਕ ਦਰਿਆ ਦੇ ਅਗੇ ਵਧੇ ਢਾਲਵੇਂ ਕੰਢੇ ਕੋਲ ਪਹੁੰਚ ਪਿਆ। ਏਥੇ ਇਕ ਬਹੁਤ ਵਡੀ ਸ਼ੇਰਨੀ ਤੇ ਉਹਦੇ ਬੱਚੇ ਰਹਿੰਦੇ ਸਨ।


ਸ਼ੇਰਨੀ ਨੇ ਤੀਰਅੰਦਾਜ਼ ਨੂੰ ਓਦੋਂ ਹੀ ਵੇਖ ਲਿਆ ਸੀ, ਜਦੋਂ ਉਹ ਅਜੇ ਪੂਰੀ ਇਕ ਦਿਨ ਦੀ ਅਸਵਾਰੀ ਪਿਛੇ ਸੀ; ਉਹਨੇ ਕੰਨ - ਪਾੜਵੀਂ ਦਹਾੜ ਛੱਡੀ ਤੇ ਅਗੇ ਵਲ ਕੁਦ ਪਈ; ਉਹ ਤੀਰਅੰਦਾਜ਼ ਉਤੇ ਝਪਟਾ ਮਾਰਨਾ ਤੇ ਉਹਦੀ ਬੋਟੀ-ਬੋਟੀ ਕਰ ਦੇਣਾ ਚਾਹੁੰਦੀ ਸੀ। ਪਰ ਤੀਰਅੰਦਾਜ਼ ਨੇ, ਬਿਜਲੀ ਵਰਗੀ ਤੇਜ਼ੀ ਨਾਲ, ਪੀਲੇ ਫੁੱਲਾਂ ਵਾਲਾ ਉਹ ਰੂਮਾਲ ਕਢ ਲਿਆ, ਜਿਹੜਾ ਉਹਨੂੰ ਉਹਦੀ ਘਰ ਵਾਲੀ ਨੇ ਦਿਤਾ ਸੀ, ਤੇ ਉਹਨੂੰ ਹਿਲਾਣ ਲਗਾ। ਸ਼ੇਰਣੀ ਅਹਿਲ ਹੋ ਖਲ੍ਹੋ ਗਈ ਤੇ ਉਹਨੇ ਇਕਦਮ ਦਹਾੜਨਾ ਬੰਦ ਕਰ ਦਿਤਾ।

“ਦਸ ਖਾਂ, ਬਹਾਦਰ ਤੀਰਅੰਦਾਜ਼ਾ, ਇਹ ਰੂਮਾਲ ਕਿਥੋਂ ਲਿਆ ਸਾਈ?" ਸ਼ੇਰਨੀ ਨੇ ਉਹਦੇ ਤੋਂ ਪੁਛਿਆ।
"ਮੈਨੂੰ ਮੇਰੀ ਘਰ ਵਾਲੀ ਨੇ ਦਿਤਾ ਸੀ," ਤੀਰਅੰਦਾਜ਼ ਨੇ ਜਵਾਬ ਦਿਤਾ!
"ਤੇ ਹੁਣ ਮੈਨੂੰ ਦਸ, ਏਥੇ ਕੀ ਕਰਨ ਆਇਐ," ਸ਼ੇਰਨੀ ਬੋਲਦੀ ਗਈ।
“ਮੇਰਾ ਖਾਨ ਡਾਢਾ ਬੀਮਾਰ ਹੋ ਗਿਐ," ਤੀਰਅੰਦਾਜ਼ ਨੇ ਉਹਨੂੰ ਦਸਿਆ, “ਤੇ ਉਹਨੇ ਮੈਨੂੰ ਹੁਕਮ ਦਿਤੈ, ਉਹਨੂੰ ਮੈਂ ਤੇਰਾ ਕੁਝ ਦੁਧ ਲਿਆ ਕੇ ਦੇਵਾਂ।"

“ਜੇ ਇਹ ਗਲ ਏ, "ਸ਼ੇਰਨੀ ਨੇ ਆਖਿਆ, “ਤਾਂ ਛੇਤੀ ਨਾਲ ਘੋੜਿਉਂ ਉਤਰ ਆ, ਤੇ ਮੈਂ ਤੈਨੂੰ ਆਪਣਾ ਦੁਧ ਚੋ ਲੈਣ ਦਿਆਂਗੀ। ਤੂੰ ਆਪਣਾ ਪੂਰਾ 'ਬੋਰਤਾਗੋ'* ਦੁਧ ਨਾਲ ਭਰ ਸਕਣੈਂ।"

ਤੀਰਅੰਦਾਜ਼ ਉਤਰਿਆ ਤੇ ਉਹਨੇ ਸ਼ੇਰਨੀ ਦਾ ਦੁਧ ਚੋ ਲਿਆ। ਜਦੋਂ ਉਹਦਾ 'ਬੋਰਤਾਗੋ' ਭਰ ਗਿਆ, ਉਹਨੇ ਉਹਨੂੰ ਆਪਣੀ ਕਾਠੀ ਨਾਲ ਘਟ ਕੇ ਬੰਨ੍ਹ ਲਿਆ, ਸ਼ੇਰਨੀ ਦਾ ਸ਼ੁਕਰੀਆ ਅਦਾ ਕੀਤਾ ਤੇ ਉਹਦੀ ਚੰਗੀ ਸਿਹਤ ਦੀ ਦੁਆ ਮੰਗੀ।

"ਤੇਰੀ ਸਿਹਤ ਲਈ ਵੀ ਮੈਂ ਦੁਆ ਮੰਗਣੀ ਆਂ," ਸ਼ੇਰਨੀ ਨੇ ਆਖਿਆ। "ਘਰ ਆਪਣੀ ਵਹੁਟੀ ਕੋਲ ਜਾ, ਆਪਣੇ ਖਾਨ ਨੂੰ ਫੇਰ ਵਲ ਕਰ ਲੈ, ਤੇ ਸ਼ਾਲਾ, ਖੁਸ਼-ਨਸੀਬੀ ਸਦਾ ਤੇਰੇ ਪੈਰ ਚੁੰਮੇ।"

ਤੇ ਇਹ ਆਖ ਸ਼ੇਰਨੀ ਵਾਪਸ ਆਪਣੇ ਬਚਿਆਂ ਕੋਲ ਚਲੀ ਗਈ, ਤੇ ਤੀਰਅੰਦਾਜ਼ ਪਲਾਕੀ ਮਾਰ ਘੋੜੇ ਉਤੇ ਚੜ੍ਹ ਗਿਆ ਤੇ ਘਰ ਵਲ ਹੋ ਪਿਆ।

ਪਹੁੰਚਦਿਆਂ ਸਾਰ ਹੀ ਉਹ 'ਬੋਰਤਾਗੋ’ ਖਾਨ ਕੋਲ ਲੈ ਗਿਆ। ਤੇ ਜ਼ਾਰਕਿਨ ਖਾਨ ਸਿਰਫ਼ ਦੁਧ ਦਾ ਇਕ ਘੁਟ ਹੀ ਭਰ ਸਕਿਆ ਤੇ ਆਖ ਸਕਿਆ:

"ਵਾਹ, ਮੈਂ ਫੇਰ ਵਲ ਹੋ ਗਿਆਂ।"

ਇਸ ਪਿਛੋਂ ਉਹਨੇ ਤੀਰਅੰਦਾਜ਼ ਨੂੰ ਜਾਣ ਲਈ ਕਿਹਾ ਤੇ ਇਕਦਮ ਹੀ ਆਪਣੇ 'ਦਰਖਾਨਾਂ' ਨੂੰ ਬੁਲਾ ਇਕਠਿਆਂ ਕੀਤਾ।


  • ਬੋਰਤਾਗੋ —— ਮਸ਼ਕ —— ਅਨੁ:

੧੭੬