ਪੰਨਾ:ਮਾਣਕ ਪਰਬਤ.pdf/156

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਰਨੋਟਾ ਤੇ ਸੁੰਦਰੀ ਯੇਲੇਨਾ

ਜਾਰਜੀਅਨ ਪਰੀ-ਕਹਾਣੀ

ਇਹ ਸਚ ਹੋ ਸਕਦਾ ਏ ਜਾਂ ਝੂਠ ਹੋ ਸਕਦਾ ਏ, ਪਰ, ਕਿਹਾ ਜਾਂਦਾ ਏ, ਇਕ ਵਾਰੀ ਇਕ ਬਹੁਤ ਹੀ ਦੌਲਤਮੰਦ ਜ਼ਾਰ ਹੁੰਦਾ ਸੀ। ਇਕ ਦਿਨ ਉਹਨੇ ਆਪਣੇ ਸ਼ਿਕਾਰੀਆਂ ਨੂੰ ਸਦਿਆ‌:

“ਜਾਓ ਤੇ ਜਿਹੜਾ ਪਹਿਲਾ ਜਾਨਵਰ ਮਿਲੇ ਜੇ, ਮਾਰ ਲਿਆਓ।"

ਸ਼ਿਕਾਰੀਆਂ ਨੇ ਜਾਣ ਦੀ ਕੀਤੀ ਤੇ ਜਿਹੜਾ ਪਹਿਲਾ ਜਾਨਵਰ ਉਹਨਾਂ ਨੂੰ ਮਿਲਿਆ ਉਹ ਸੀ ਜੰਗ ਦੀ ਇਕ ਖੁਲ੍ਹੀ ਥਾਂ ਉਤੇ ਖਲੋਤੀ ਇਕ ਹਿਰਨੀ। ਜਿਵੇਂ ਜ਼ਾਰ ਦਾ ਹੁਕਮ ਸੀ, ਉਹਨਾਂ ਨਿਸ਼ਾਨਾ ਬੰਨ੍ਹਿਆ, ਤੇ ਹਿਰਨੀ ਨੂੰ ਉਹ ਫੁੰਡਣ ਹੀ ਲਗੇ ਸਨ ਕਿ ਉਹਨਾਂ ਨੂੰ ਦਿਸਿਆ, ਇਕ ਛੋਟਾ ਜਿਹਾ ਬਾਲ ਉਹਦਾ ਥਣ ਚੁੰਘ ਰਿਹਾ ਸੀ। ਜਦੋਂ ਬਾਲ ਨੇ ਸ਼ਿਕਾਰੀਆਂ ਨੂੰ ਵੇਖਿਆ, ਉਹਨੇ ਦੁਧ ਚੁੰਘਣਾ ਬੰਦ ਕਰ ਦਿਤਾ, ਆਪਣੀਆਂ ਬਾਹਵਾਂ ਹਿਰਨੀ ਦੇ ਧੌਣ ਦੁਆਲੇ ਵਲ ਲਈਆਂ ਤੇ ਉਹਨੂੰ ਚੁੰਮਣ ਤੇ ਲਡਿਆਣ ਲਗ ਪਿਆ।

ਸ਼ਿਕਾਰੀ ਹੈਰਾਨ ਰਹਿ ਗਏ। ਉਹਨਾਂ ਬਾਲ ਨੂੰ ਨਾਲ ਚੁਕ ਲਿਆ ਤੇ ਉਹਨੂੰ ਜ਼ਾਰ ਕੋਲ ਲੈ ਗਏ, ਤੇ ਉਹਨੂੰ ਜਾ ਦਸਿਆ, ਜੁ ਕੁਝ ਵੀ ਉਹਨਾਂ ਵੇਖਿਆ ਸੀ।

ਏਧਰ ਜ਼ਾਰ ਦਾ ਇਕ ਮੁੰਡਾ ਸੀ,ਜਿਹਦੀ ਉਮਰ ਓਨੀ ਹੀ ਸੀ। ਜਿੰਨੀ ਉਸ ਬਾਲ ਦੀ, ਜਿਹੜਾ ਸ਼ਿਕਾਰੀਆਂ ਨੂੰ ਲਭਿਆ ਸੀ। ਇਸ ਲਈ ਜ਼ਾਰ ਨੇ ਦੋਵਾਂ ਦਾ ਨਾਂ ਇਕੋ ਵੇਲੇ ਰਖਵਾਇਆ ਤੇ ਲੱਭੇ-ਲਭਾਏ ਬਚੇ ਦਾ ਨਾਂ ਹਰਨੋਟਾ ਰਖਿਆ ਗਿਆ।

੧੪੪