ਪੰਨਾ:ਮਾਣਕ ਪਰਬਤ.pdf/136

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤੇ ਇਹ ਲਫ਼ਜ਼ ਕਹਿ ਸ਼ੈਦੁੱਲੇ ਨੇ ਟੁਰਨ ਲਈ ਮੂੰਹ ਮੋੜਿਆ।

ਸੇਆਂ ਦੇ ਦਰਖ਼ਤ ਨੇ ਮਿੰਨਤ ਵਾਲੀ ਆਵਾਜ਼ ਵਿਚ ਕਿਹਾ:

"ਸ਼ੈਦੁੱਲਿਆ, ਮਿਹਰਬਾਨੀ ਕਰਕੇ, ਮੇਰੀਆਂ ਜੜ੍ਹਾਂ ਹੇਠੋਂ ਚਾਂਦੀ ਦਾ ਮਰਤਬਾਨ ਪੁਟ ਕਢ। ਇਹ ਤੇਰੀ ਆਪਣੀ ਮਦਦ ਵੀ ਹੋਵੇਗੀ, ਏਸ ਲਈ ਕਿ ਤੈਨੂੰ ਚਾਂਦੀ ਮਿਲ ਜਾਏਗੀ।"

"ਨਹੀਂ, ਨਹੀਂ, ਮੈਂ ਨਹੀਂ ਸਿਰ ਖਪਾਈ ਕਰਨੀ। ਸਿਆਣੇ ਨੇ ਮੈਨੂੰ ਕਿਹਾ ਸੀ, ਮੇਰੇ ਕੋਲ ਸਾਰਾ ਕੁਝ ਉਂਜੇ ਈ ਹੋ ਜਾਣਾ ਏਂ।" ਸ਼ੈਦੁੱਲੇ ਨੇ ਜਵਾਬ ਦਿਤਾ, ਤੇ ਅਗੇ ਟੁਰ ਪਿਆ।

ਉਹ ਟੁਰਦਾ ਗਿਆ, ਟੁਰਦਾ ਗਿਆ, ਤੇ ਅਖ਼ੀਰ ਉਹਨੂੰ ਛਿਛੜੈਲ ਬਘਿਆੜ ਮਿਲ ਪਿਆ। ਉਹ ਸ਼ੈਦੁੱਲੇ ਨੂੰ ਵੇਖ, ਬੇਸਬਰੀ ਨਾਲ ਕੰਬਣ ਲਗ ਪਿਆ।

"ਸੁਣਾ," ਉਹ ਪੁੱਛਣ ਲਗਾ, "ਸਿਆਣੇ ਨੇ ਮੈਨੂੰ ਕੀ ਸਲਾਹ ਦਿਤੀ ਏ? ਮੈਥੋਂ ਉਡੀਕ ਨਾ ਕਰਾ, ਛੇਤੀ ਨਾਲ ਦੱਸਣ ਦੀ ਕਰ!..."

“ਤੈਨੂੰ ਚਾਹੀਦੈ, ਜਿਹੜਾ ਪਹਿਲਾ ਭੌਂਦੂ ਤੈਨੂੰ ਮਿਲਦੈ, ਉਹਨੂੰ ਖਾ ਜਾਏਂ। ਇਹਦੇ ਨਾਲ ਤੈਨੂੰ ਇਕਦਮ ਆਰਾਮ ਆ ਜਾਏਗਾ," ਸ਼ੈਦੁੱਲੇ ਨੇ ਆਖਿਆ।

ਬਘਿਆੜ ਨੇ ਸ਼ੈਦੁੱਲੇ ਦਾ ਸ਼ੁਕਰੀਆ ਅਦਾ ਕੀਤਾ ਤੇ ਉਹਦੇ ਤੋਂ ਪੁੱਛਣ ਲਗ ਪਿਆ, ਉਹਨੇ ਰਾਹ ਵਿਚ ਕੀ - ਕੁਝ ਵੇਖਿਆ ਤੇ ਸੁਣਿਆ ਸੀ। ਸ਼ੈਦੁੱਲੇ ਨੇ ਬਘਿਆੜ ਨੂੰ ਮੱਛੀ ਤੇ ਸੇਆਂ ਦੇ ਦਰਖ਼ਤ ਨਾਲ ਆਪਣੀ ਮੁਲਾਕਾਤ ਦਾ ਹਾਲ ਦਸਿਆ ਤੇ ਉਹ ਵੀ ਕਿ ਉਹਨਾਂ ਉਹਨੂੰ ਕੀ ਆਖਿਆ ਸੀ।

“ਪਰ ਮੈਂ ਉਹਨਾਂ ਨਾਲ ਸਿਰ - ਖਪਾਈ ਨਾ ਕੀਤੀ," ਉਹ ਕਹਿਣ ਲਗਾ, "ਏਸ ਲਈ ਕਿ ਦੌਲਤਮੰਦ ਤਾਂ ਮੈਂ ਹੋ ਈ ਜਾਣਾ ਏਂ।"

ਬਘਿਆੜ ਨੇ ਸੁਣਿਆ ਤੇ ਉਹਦੀ ਖੁਸ਼ੀ ਦੀ ਹਦ ਨਾ ਰਹੀ।

“ਮੈਨੂੰ ਭੌਂਦੂ ਲੱਭਣ ਦੀ ਲੋੜ ਨਹੀਂ," ਉਹਨੇ ਦਿਲ ਵਿਚ ਸੋਚਿਆ, “ਏਸ ਲਈ ਕਿ ਮੇਰੇ ਕੋਲ ਉਹ ਆਪ ਟੁਰ ਪਹੁੰਚਿਐ। ਸ਼ੈਦੁੱਲੇ ਤੋਂ ਮੂਰਖ ਤੇ ਸੁਸਤ ਦੁਨੀਆਂ 'ਚ ਹੋਰ ਕੌਣ ਹੋਣੈਂ।"

ਤੇ ਸ਼ੈਦੁੱਲੇ ਉਤੇ ਝਪਟ ਉਹ ਉਹਨੂੰ ਥਾਏਂ ਹੀ ਸਬੂਤੇ ਦਾ ਸਬੂਤਾ ਨਿਘਾਰ ਗਿਆ।

ਤੇ ਇਸ ਤਰ੍ਹਾਂ ਭੌਂਦੂ ਸ਼ੈਦੁੱਲੇ ਦਾ ਅੰਤ ਹੋ ਗਿਆ।

ਅਸਮਾਨ ਤੋਂ ਤਿੰਨ ਸੇਅ ਡਿੱਗੇ ਨੇ। ਇਕ ਕਹਾਣੀ ਸੁਣਨ ਵਾਲੇ ਦਾ ਏ, ਦੂਜਾ ਕਹਾਣੀ ਸੁਣਾਣ ਵਾਲੇ ਦਾ, ਤੇ ਤੀਜਾ ਬਾਕੀ ਸਭਨਾਂ ਦਾ।