ਪੰਨਾ:ਮਾਣਕ ਪਰਬਤ.pdf/135

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਮੇਰੇ ਨਾਂ ਦਾ ਕਿਵੇਂ ਪਤਾ ਲਗਾ ਈ," ਉਹਨੇ ਪੁਛਿਆ। “ਪਰ ਸ਼ਾਇਦ ਤੂੰ ਈਂ ਉਹ ਸਿਆਣਾ ਏਂ, ਜਿਹਨੂੰ ਮੈ ਮਿਲਣ ਆਇਆਂ।"

“ਆਹਖੋ, ਮੈਂ ਈ ਆਂ," ਬੁਢੇ ਨੇ ਜਵਾਬ ਦਿਤਾ। "ਛੇਤੀ ਨਾਲ ਦਸ, ਮੇਰੇ ਤੋਂ ਕੀ ਚਾਹੀਦੈ ਤੈਨੂੰ?"

ਸ਼ੈਦੱਲੇ ਨੇ ਉਹਨੂੰ ਦਸਿਆ, ਉਹ ਕਿਉਂ ਆਇਆ ਸੀ ਤੇ ਉਹਨੂੰ ਕੀ ਚਾਹੀਦਾ ਸੀ।

"ਮੇਰੇ ਕੋਲੋਂ ਹੋਰ ਕੁਝ ਨਹੀਂਉਂ ਪੁਛਣਾ," ਸਿਆਣੇ ਨੇ ਆਖਿਆ।

“ਪੁਛਣਾ ਏਂ," ਸ਼ੈਦੁੱਲੇ ਨੇ ਜਵਾਬ ਦਿਤਾ ਤੇ ਬੁੱਢੇ ਨੂੰ ਦਸਿਆ, ਜੁ ਕੁਝ ਬਘਿਆੜ, ਸੇਆਂ ਦੇ ਦਰਖ਼ਤ ਤੇ ਮਛੀ ਨੇ ਉਹਦੇ ਤੋਂ ਪੁਛਿਆ ਸੀ।

ਸਿਆਣਾ ਬੋਲਿਆ:

"ਮੱਛੀ ਦੇ ਸੰਘ 'ਚ ਇਕ ਬਹੁਤ ਵਡਾ ਮੋਤੀ ਫਸਿਆ ਹੋਇਐ। ਜਿਵੇਂ ਈ ਉਹ ਮੋਤੀ ਕਢ ਲਿਆ ਜਾਂਦੈ, ਮੱਛੀ ਵੱਲ ਹੋ ਜਾਵੇਗੀ। ਸੇਆਂ ਦੇ ਦਰਖ਼ਤ ਥੱਲੇ ਚਾਂਦੀ ਦਾ ਇਕ ਵੱਡਾ ਸਾਰਾ ਮਰਤਬਾਨ ਦਬਿਆ ਹੋਇਐ। ਸੇਆਂ ਦੇ ਦਰਖ਼ਤ ਦੇ ਫੁਲ ਝਉਂਣੇ ਬੰਦ ਹੋ ਜਾਣਗੇ ਤੇ ਦਰਖ਼ਤ ਨੂੰ ਫਲ ਲੱਗਣ ਲਗ ਪਏਗਾ, ਜਿਵੇਂ ਈ ਉਹ ਮਰਤਬਾਨ ਕਢ ਲਿਆ ਜਾਂਦੈ। ਤੇ ਬਾਕੀ ਰਿਹਾ ਬਘਿਆੜ, ਜੇ ਉਹ ਪੀੜ ਤੋਂ ਆਰਾਮ ਚਾਹੁੰਦੈ, ਤਾਂ ਉਹਨੂੰ ਚਾਹੀਦੈ ਕਿ ਜਿਹੜਾ ਵੀ ਪਹਿਲਾ ਭੌਂਦੂ ਮਿਲੇ, ਉਹਨੂੰ ਨਿਘਾਰ ਜਾਵੇ।"

“ਤੇ ਮੇਰੀ ਅਰਜ਼ ਦਾ ਕੀ ਬਣਿਐ?”

“ਜੁ ਤੂੰ ਚਾਹੁਣੈ, ਉਹ ਦਿਤਾ ਜਾ ਚੁਕਿਐ। ਚਲਾ ਜਾ!"

ਸ਼ੈਦੁੱਲੇ ਦੀ ਖੁਸ਼ੀ ਦੀ ਕੋਈ ਹਦ ਨਾ ਰਹੀ, ਤੇ ਉਹ ਸਿਆਣੇ ਨੂੰ ਕੋਈ ਹੋਰ ਸਵਾਲ ਪੁੱਛੇ ਬਿਨਾਂ ਘਰ ਵਲ ਨੂੰ ਹੋ ਪਿਆ।

ਉਹ ਟੁਰਦਾ ਗਿਆ, ਟੁਰਦਾ ਗਿਆ ਤੇ ਅਖ਼ੀਰ ਉਸ ਝੀਲ 'ਤੇ ਪਹੁੰਚਿਆ ਜਿਥੇ ਵੱਡੀ ਸਾਰੀ ਮੱਛੀ ਬੇਸਬਰੀ ਨਾਲ ਉਹਦੀ ਉਡੀਕ ਕਰ ਰਹੀ ਸੀ।

“ਹੱਛਾ, ਤੇ ਸਿਆਣੇ ਨੇ ਮੈਨੂੰ ਕੀ ਆਖਿਐ ਕਰਨ ਨੂੰ?" ਮੱਛੀ ਨੇ ਪੁਛਿਆ।

“ਤੇਰੇ ਸੰਘ 'ਚ ਇਕ ਮੋਤੀ ਫਸਿਆ ਹੋਇਐ। ਜਦੋਂ ਉਹ ਨਿਕਲ ਗਿਆ, ਤੂੰ ਠੀਕ ਹੋ ਜਾਵੇਗੀ," ਸ਼ੈਦੁੱਲੇ ਨੇ ਆਖਿਆ, ਤੇ ਅਗੇ ਟੁਰਨ ਲਈ ਮੂੰਹ ਫੇਰਿਆ।

“ਭਲਿਆ ਲੋਕਾ, ਮੇਰੇ 'ਤੇ ਤਰਸ ਖਾ," ਮੱਛੀ ਕੁਕੀ। "ਮੇਰੇ ਸੰਘ 'ਚੋਂ ਮੋਤੀ ਕਢ ਲੈ। ਮੈਨੂੰ ਆਰਾਮ ਆ ਜਾਵੇਗਾ, ਤੇ ਨਾਲੇ ਮੋਤੀ ਤੂੰ ਆਪ ਰਖ ਲਈਂ।"

“ਨਾ, ਨਾ, ਮੈਂ ਕਿਉਂ ਪਿਆ ਸਿਰ ਖਪਾਵਾਂ" ਸ਼ੈਦੁੱਲੇ ਨੇ ਆਖਿਆ। “ਮੈਂ ਤਾਂ ਉੱਗਲ ਨਹੀਂ ਹਿਲਾਣੀ ਤੇ ਦੌਲਤਮੰਦ ਬਣ ਜਾਣੈਂ।"

ਇਹ ਕਹਿ ਉਹ ਆਪਣੇ ਰਾਹੇ ਪੈ ਗਿਆ।

ਉਹ ਸੇਆਂ ਦੇ ਦਰਖ਼ਤ ਕੋਲ ਪਹੁੰਚਿਆ ਤੇ ਉਹਨੂੰ ਵੇਖ ਦਰਖ਼ਤ ਦੀਆਂ ਸਭੇ ਡਾਹਣਾਂ ਫੜਕਣ ਲਗ ਪਈਆਂ, ਸੱਭੇ ਪੱਤੇ ਸਰਸਰਾਣ ਲਗ ਪਏ।

"ਸੁਣਾ,” ਸੇਆਂ ਦੇ ਦਰਖ਼ਤ ਨੇ ਪੁਛਿਆ। "ਸਿਆਣੇ ਕੋਲੋਂ ਪਤਾ ਲਗਾ ਈ, ਮੇਰਾ ਬਚਾ ਕਿਵੇਂ ਹੋਵੇਗਾ?"

“ਆਹਖੋ, ਪਤਾ ਲਗੈ," ਸ਼ੈਦੁੱਲੇ ਨੇ ਜਵਾਬ ਦਿਤਾ। “ਤੇਰੀਆਂ ਜੜਾਂ ਥੱਲੇ ਚਾਂਦੀ ਦਾ ਇਕ ਬਹੁਤ ਵਡਾ ਮਰਤਬਾਨ ਦਬਿਆ ਪਿਐ, ਤੇ ਇਹਨੂੰ ਪੁਟ ਕੇ ਕਢਣਾ ਪਏਗਾ। ਫੇਰ ਤੇਰੇ ਫੁਲ ਨਹੀਂ ਝਉਂਣਗੇ ਤੇ ਤੈਨੂੰ ਸੇਅ ਲੱਗਣ ਲਗ ਪੈਣਗੇ।"

੧੨੫