ਪੰਨਾ:ਮਾਣਕ ਪਰਬਤ.pdf/134

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

“ਭਲਿਆ ਲੋਕਾ, ਕਿੱਧਰ ਜਾ ਰਿਹੈਂ?” ਬਘਿਆੜ ਨੇ ਉਹਦੇ ਕੋਲੋਂ ਪੁਛਿਆ।

“ਇਕ ਸਿਆਣੇ ਕੋਲ ਜਾ ਰਿਹਾਂ, ਸਲਾਹ ਲੈਣ ਲਈ, ਦੌਲਤਮੰਦ ਕਿਵੇਂ ਬਣੀਦੈ," ਸ਼ੈਦੁੱਲੇ ਨੇ ਜਵਾਬ ਦਿਤਾ।

ਬਘਿਆੜ ਨੇ ਉਹਦੀ ਗਲ ਸੁਣੀ ਤੇ ਉਹਨੇ ਸ਼ੈਦੁੱਲੇ ਨੂੰ ਆਖਿਆ:

“ਜਦੋਂ ਤੂੰ ਜਾ ਈ ਰਿਹੈਂ, ਮਿਹਰਬਾਨੀ ਕਰ ਕੇ ਉਹਦੇ ਤੋਂ ਇਹ ਵੀ ਪੁੱਛੀਂ, ਮੈਂ ਕੀ ਕਰਾਂ। ਹੁਣ ਤਿੰਨ ਵਰ੍ਹਿਆਂ ਤੋਂ ਮੇਰੇ ਮੇਅਦੇ ’ਚ ਬੜੀ ਸਖ਼ਤ ਪੀੜ ਹੁੰਦੀ ਆ ਰਹੀ ਏ। ਦਿਨੇ ਰਾਤੀਂ ਇਹ ਮੈਨੂੰ ਚੈਨ ਨਹੀਂ ਲੈਣ ਦੇਂਦੀ। ਸ਼ਾਇਦ ਸਿਆਣਾ ਤੈਨੂੰ ਦਸ ਸਕੇ, ਮੈਨੂੰ ਆਰਾਮ ਕਿਵੇਂ ਆ ਸਕਦੈ।"

"ਬਹੁਤ ਹੱਛਾ," ਸ਼ੈਦੁੱਲੇ ਨੇ ਜਵਾਬ ਦਿਤਾ, "ਮੈਂ ਪੱਛਾਂਗਾ ਸੂ।"

ਤੇ ਉਹ ਆਪਣੇ ਰਾਹੇ ਪੈ ਗਿਆ।

ਉਹ ਤਿੰਨ ਦਿਨ ਹੋਰ ਤੇ ਤਿੰਨ ਰਾਤਾਂ ਹੋਰ ਟੁਰਦਾ ਰਿਹਾ, ਤੇ ਅਖ਼ੀਰ ਉਹਨੂੰ ਸੜਕ ਦੇ ਪਾਸੇ ਉਗਿਆ ਹੋਇਆ ਸੇਆਂ ਦਾ ਇਕ ਦਰਖ਼ਤ ਦਿਸਿਆ।

“ਭਲਿਆ ਲੋਕਾ, ਕਿੱਧਰ ਜਾ ਰਿਹੈਂ?" ਸੇਆਂ ਦੇ ਦਰਖ਼ਤ ਨੇ ਉਹਦੇ ਕੋਲੋਂ ਪੁਛਿਆ।

“ਇਕ ਸਿਆਣੇ ਕੋਲ, ਸਲਾਹ ਲੈਣ ਲਈ, ਬਿਨਾਂ ਕੁਝ ਕੀਤਿਆਂ, ਚੰਗੀ ਤਰ੍ਹਾਂ ਕਿਵੇਂ ਰਿਹਾ - ਸਿਹਾ ਜਾ ਸਕਦੈ।"

"ਮਿਹਰਬਾਨੀ ਕਰਕੇ ਸਿਆਣੇ ਨੂੰ ਕਹੀਂ ਮੈਨੂੰ ਦੱਸੇ, ਮੈਂ ਕੀ ਕਰਾਂ," ਸੇਆਂ ਦੇ ਦਰਖ਼ਤ ਨੇ ਕਿਹਾ। “ਹਰ ਬਹਾਰੇ ਮੈਨੂੰ ਫੁਲ ਪੈਂਦੇ ਨੇ ਪਰ ਜਿਵੇਂ ਹੀ ਫੁਲ ਖਿੜਦੇ ਨੇ, ਝਉਂ ਜਾਂਦੇ ਨੇ ਤੇ ਝੜ ਜਾਂਦੇ ਨੇ, ਤੇ ਮੈਨੂੰ ਕਦੀ ਕੋਈ ਫਲ ਨਹੀਂ ਲਗਦਾ। ਸਿਆਣੇ ਨੂੰ ਪੁੱਛੀਂ ਇੰਜ ਕਿਉਂ ਹੁੰਦਾ ਏ।"

“ਚੰਗਾ, ਪੁੱਛਾਂਗਾ ਸੂ, ਸ਼ੈਦੁੱਲੇ ਨੇ ਜਵਾਬ ਦਿਤਾ ਤੇ ਫੇਰ ਅਗੇ ਟੁਰ ਪਿਆ।

ਉਹ ਤਿੰਨ ਦਿਨ ਹੋਰ ਤੇ ਤਿੰਨ ਰਾਤਾਂ ਹੋਰ ਆਪਣੇ ਰਾਹੇ ਟੁਰਦਾ ਗਿਆ, ਤੇ ਅਖ਼ੀਰ ਉਹ ਇਕ ਡੂੰਘੀ ਝੀਲ ਕੋਲ ਪਹੁੰਚਿਆ।

ਚਾਣਚਕ ਹੀ ਇਕ ਬਹੁਤ ਵੱਡੀ ਮੱਛੀ ਨੇ ਘੱੜਪ ਕਰਕੇ ਸਿਰ ਪਾਣੀ ਵਿਚੋਂ ਬਾਹਰ ਕਢਿਆ।

“ਭਲਿਆ ਲੋਕਾ, ਕਿੱਧਰ ਜਾ ਰਿਹੈਂ?" ਮੱਛੀ ਨੇ ਪੁਛਿਆ।

“ਇਕ ਸਿਆਣੇ ਕੋਲ, ਸਲਾਹ ਲੈਣ ਤੇ ਮਦਦ ਮੰਗਣ ਲਈ।"

“ਮਿਹਰਬਾਨੀ ਕਰ ਕੇ ਉਹਦੇ ਕੋਲੋਂ ਕੁਝ ਮੇਰੇ ਵਲੋਂ ਵੀ ਪੁਛ ਲਿਆਈਂ। ਸਤਵਾਂ ਵਰ੍ਹਾ ਹੋ ਗਿਐ, ਮੈਨੂੰ ਸੰਘ 'ਚ ਡਾਢੀ ਸਖ਼ਤ ਪੀੜ ਹੁੰਦੀ ਆ ਰਹੀ ਏ। ਸਿਆਣੇ ਨੂੰ ਕਹੀਂ, ਦੱਸੇ, ਮੈਨੂੰ ਆਰਾਮ ਕਿਵੇਂ ਆ ਸਕਦੈ।"

"ਬਹੁਤ ਹੱਛਾ, ਪੁੱਛਾਂਗਾ," ਸ਼ੈਦੁੱਲੇ ਨੇ ਆਖਿਆ ਤੇ ਫੇਰ ਅਗੇ ਟੁਰ ਪਿਆ।

ਉਹ ਤਿੰਨ ਦਿਨ ਤੇ ਤਿੰਨ ਰਾਤਾਂ ਟੁਰਦਾ ਰਿਹਾ, ਤੇ ਅਖ਼ੀਰ ਉਹ ਗੁਲਾਬ ਦੀਆਂ ਝਾੜੀਆਂ ਦੇ ਇਕ ਝੁੰਡ ਕੋਲ ਪਹੁੰਚਿਆ। ਉਹਨੇ ਨਜ਼ਰ ਮਾਰੀ, ਤੇ ਉਹਨੂੰ ਦਿਸਿਆ, ਇਕ ਝਾੜੀ ਹੇਠ, ਲੰਮੀ ਸਾਰੀ ਚਿੱਟੀ ਦਾੜ੍ਹੀ ਵਾਲਾ ਇਕ ਬੁੱਢਾ ਬੈਠਾ ਸੀ।

ਸ਼ੈਦੁੱਲੇ ਨੂੰ ਵੇਖ ਬੁੱਢਾ ਬੋਲਿਆ:

"ਕਿ ਚਾਹੀਦਾ ਈ, ਸ਼ੈਦੁੱਲਿਆ?"

ਸ਼ੈਦੁੱਲਾ ਹੈਰਾਨ ਰਹਿ ਗਿਆ।

੧੨੪