ਪੰਨਾ:ਮਾਣਕ ਪਰਬਤ.pdf/133

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭੌਂਦੂ ਸ਼ੈਦੁੱਲਾ

ਆਜ਼ਰਬਾਈਜਾਨੀ ਪਰੀ-ਕਹਾਣੀ

ਸਾਡੇ ਵੇਲਿਆਂ ਤੋਂ ਬਹੁਤ ਪਹਿਲੋਂ, ਪੁਰਾਣੇ ਜ਼ਮਾਨੇ ਵਿਚ, ਸ਼ੈਦੁੱਲਾ ਨਾਂ ਦਾ ਇਕ ਆਦਮੀ ਹੁੰਦਾ ਸੀ, ਜਿਹੜਾ ਭੌਂਦੂ ਤੇ ਨਿਕੰਮਾ ਸੀ।

ਉਹਦੀ ਘਰ ਵਾਲੀ ਤੇ ਬੱਚੇ ਬਹੁਤਾ ਵਕਤ ਭੁੱਖੇ ਹੀ ਰਹਿੰਦੇ ਸਨ। ਨਵੇਂ ਕਪੜੇ ਖਰੀਦਣ ਦਾ ਤਾਂ ਉਹ ਸੁਫ਼ਨਾ ਤਕ ਵੀ ਨਹੀਂ ਸਨ ਲੈ ਸਕਦੇ।

ਸ਼ੈਦੁੱਲੇ ਦੀ ਘਰ ਵਾਲੀ ਉਹਨੂੰ ਝਿੜਕਣ ਲਗ ਪੈਂਦੀ, ਕਹਿੰਦੀ, ਉਹਦਾ ਕੰਮ ਨੂੰ ਜੀ ਨਹੀਂ ਸੀ ਕਰਦਾ। ਤਾਂ ਸ਼ੈਦੁੱਲਾ ਆਖਦਾ:

“ਪਰਵਾਹ ਨਾ ਕਰ, ਗ਼ਮ ਨਾ ਖਾ! ਅਜ ਅਸੀਂ ਗ਼ਰੀਬ ਸਹੀ, ਪਰ ਛੇਤੀ ਈ ਅਸੀਂ ਦੌਲਤਮੰਦ ਹੋਵਾਂਗੇ।”

“ਕੀ ਬੋਲੀ ਜਾ ਰਿਹੈਂ!" ਉਹਦੀ ਘਰ ਵਾਲੀ ਕੂਕ ਉਠਦੀ। "ਏਸ ਤਰ੍ਹਾਂ ਕਿਵੇਂ ਹੋ ਸਕਦੈ, ਜਦੋਂ ਤੂੰ ਦਿਨੇ ਰਾਤੀਂ ਪਿਆ ਰਹਿਣੈਂ ਤੇ ਉਂਗਲ ਤਕ ਵੀ ਨਹੀਂ ਹਿਲਾਂਦਾ!"

ਪਰ ਸ਼ੈਦੁੱਲਾ ਇਕ ਵਾਰੀ ਫੇਰ ਕਹਿੰਦਾ:

“ਰਤਾ ਦੰਮ ਲੈ! ਵਕਤ ਆਏਗਾ, ਜਦੋਂ ਅਸੀਂ ਦੌਲਤਮੰਦ ਹੋਵਾਂਗੇ।”

ਘਰ ਵਾਲੀ ਉਡੀਕਦੀ ਰਹੀ ਤੇ ਬੱਚੇ ਉਡੀਕਦੇ ਰਹੇ, ਪਰ ਹੋਇਆ ਕੁਝ ਵੀ ਨਾ, ਤੇ ਉਹ ਹਮੇਸ਼ਾ ਵਾਂਗ ਹੀ ਗ਼ਰੀਬ ਦੇ ਗ਼ਰੀਬ ਰਹੇ।

“ਉਡੀਕਣ ਦਾ ਕੋਈ ਫ਼ਾਇਦਾ ਨਹੀਂ," ਘਰ ਵਾਲੀ ਨੇ ਆਖਿਆ। “ਜੇ ਇੰਜ ਈ ਚਲਦਾ ਰਿਹਾ, ਤਾਂ ਅਸੀਂ ਭੁੱਖੇ ਮਰ ਜਾਂਗੇ।”


ਇਸ ਲਈ ਸ਼ੈਦੁੱਲੇ ਨੇ ਇਕ ਸਿਆਣੇ ਕੋਲ ਜਾਣ ਤੇ ਉਹਦੇ ਤੋਂ ਇਹ ਸਲਾਹ ਲੈਣ ਦਾ ਮਤਾ ਪਕਾਇਆ ਕਿ ਗਰੀਬ ਹੋਣੋਂ ਕਿਵੇਂ ਰਿਹਾ ਜਾ ਸਕਦਾ ਸੀ। ਉਹਨੇ ਸਫ਼ਰ ਦੀ ਤਿਆਰੀ ਕੀਤੀ ਤੇ ਫੇਰ ਚਲ ਪਿਆ।

ਸ਼ੈਦੁੱਲਾ ਤਿੰਨ ਦਿਨ ਤੇ ਤਿੰਨ ਰਾਤਾਂ ਟੁਰਦਾ ਰਿਹਾ, ਤੇ ਉਹਨੂੰ ਰਾਹ ਵਿਚ ਇਕ ਛਿਡੜੈਲ, ਮਾੜਚੂ ਜਿਹਾ ਬਘਿਆੜ ਮਿਲ ਪਿਆ।

੧੨੩