ਪੰਨਾ:ਮਾਣਕ ਪਰਬਤ.pdf/131

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕੁਝ ਨੌਕਰਾਂ ਨੂੰ ਉਹਨੇ ਹੁਕਮ ਦਿਤਾ ਕਿ ਉਹ ਉਹਦੀ ਕਾਫ਼ਲਾ-ਸਰਾਂ ਵਿਚ ਉਡੀਕ ਕਰਨ ਤੇ ਬਾਕੀਆਂ ਨੂੰ ਉਹਨੇ ਹੁਕਮ ਦਿਤਾ ਕਿ ਉਹ ਉਹਦੇ ਨਾਲ ਬਾਦਸ਼ਾਹ ਦੇ ਮਹਿਲੀਂ ਚੱਲਣ।

ਫੇਰ ਉਹਨੇ ਜੜੇ ਹੋਏ ਸੋਨੇ ਦਾ ਇਕ ਵੱਡਾ ਸਾਰਾ ਥਾਲ ਲਿਆ, ਉਹਦੇ ਉਤੇ ਸਭ ਤੋਂ ਕੀਮਤੀ ਤੁਹਫ਼ੇ ਪਰੋਸੇ ਤੇ ਮਹਿਲ ਵਲ ਨੂੰ ਚਲ ਪਈ। ਉਹਦੇ ਪਿਛੇ-ਪਿਛੇ ਉਹਦੇ ਨੌਕਰ ਚੂਹਿਆਂ ਨਾਲ ਭਰੀ ਪੇਟੀ ਚੁਕੀ ਲਿਆ ਰਹੇ ਸਨ।

ਜਦੋਂ ਉਹ ਮਹਿਲ ਕੋਲ ਪਹੁੰਚੇ, ਜ਼ਰਨਿਆਰ ਨੇ ਆਪਣੇ ਨੌਕਰਾਂ ਨੂੰ ਆਖਿਆ :

" ਜਦੋਂ ਮੈਂ ਬਾਦਸ਼ਾਹ ਨਾਲ 'ਨਰਦੀ' ਖੇਡ ਰਹੀ ਹੋਵਾਂ, ਤੁਸੀਂ ਚੂਹਿਆਂ ਨੂੰ ਇਕ-ਇਕ ਕਰ ਕਮਰੇ 'ਚ ਛਡ ਦੇਣਾ।”

ਨੌਕਰ ਪੇਟੀ ਲੈ ਬੂਹੇ ਕੋਲ ਰਹਿ ਗਏ ਤੇ ਜ਼ਰਨਿਆਰ ਨੇ ਬਾਦਸ਼ਾਹ ਵਾਲੇ ਕਮਰੇ ਵਿਚ ਪੈਰ ਰਖਿਆ।

ਉਹ ਬਾਦਸ਼ਾਹ ਨੂੰ ਕਹਿਣ ਲਗੀ:

“ਉਹ ਬਾਦਸ਼ਾਹਾਂ ਦੇ ਬਾਦਸ਼ਾਹ, ਜੁਗ ਜੁਗ ਜੀਵੇਂ! ਜਿਵੇਂ ਤੇਰੇ ਦੇਸ 'ਚ ਰਿਵਾਜ ਏ, ਮੈਂ ਤੇਰੇ ਲਈ ਕੀਮਤੀ ਤੁਹਫ਼ਾ ਲਿਆਇਆਂ।”

ਬਾਦਸ਼ਾਹ ਨੇ ਜ਼ਰਨਿਆਰ ਨੂੰ ਮਰਦ ਸਮਝਦਿਆਂ, ਉਹਦਾ ਬਹੁਤ ਹੀ ਆਦਰ-ਮਾਣ ਨਾਲ ਸੁਆਗਤ ਕੀਤਾ, ਉਹਦੇ ਅਗੇ ਵਧੀਆ ਤੋਂ ਵਧੀਆ ਪਕਵਾਣ ਰਖੇ ਤੇ ਉਹਨੂੰ ਆਪਣੇ ਨਾਲ 'ਨਰਦੀ' ਦੀ ਇਕ ਬਾਜ਼ੀ ਲਾਣ ਦਾ ਸੱਦਾ ਦਿਤਾ।

“ਉਹ ਹਾਕਮਾਂ ਦੇ ਹਾਕਮਾਂ, ਤੇਰੀਆਂ ਸ਼ਰਤਾਂ ਕੀ ਹੋਣਗੀਆਂ?" ਜ਼ਰਨਿਆਰ ਨੇ ਪੁਛਿਆ। ਬਾਦਸ਼ਾਹ ਨੇ ਆਖਿਆ:

“ਅਸੀਂ ਓਦੋਂ ਤਕ ਖੇਡਾਂਗੇ , ਜਦੋਂ ਤਕ ਵਿਦਵਾਨ ਬਿੱਲੀ ਆਪਣੀ ਜਗ੍ਹਾ ਤੋਂ ਨਹੀਂ ਹਿਲਦੀ।”

“ਤੇ ਜੇ ਤੇਰੀ ਵਿਦਵਾਨ ਬਿੱਲੀ ਆਪਣੀ ਥਾਂ ਤੋਂ ਹਿਲ ਪਈ ਤਾਂ?" ਜ਼ਰਨਿਆਰ ਨੇ ਪੁਛਿਆ।

“ਫੇਰ ਮੈਂ ਮੰਨ ਲਵਾਂਗਾ ਕਿ ਮੈਂ ਬਾਜ਼ੀ ਹਾਰ ਗਿਆਂ, ਤੇ ਤੂੰ ਮੇਰਾ ਜੋ ਵੀ ਹਾਲ ਕਰਨਾ ਚਾਹੇਂ, ਕਰੀਂ।”

“ਠੀਕ ਏ," ਜ਼ਰਨਿਆਰ ਨੇ ਆਖਿਆ। “ਜਿਵੇਂ ਤੂੰ ਕਿਹੈ, ਉਵੇਂ ਈ ਸਹੀ।"

ਬਾਦਸ਼ਾਹ ਨੇ ਆਪਣੀ ਵਿਦਵਾਨ ਬਿੱਲੀ ਨੂੰ ਸਦਿਆ, ਤੇ ਬਿੱਲੀ ਹੌਲੀ-ਹੌਲੀ ਪੈਰ ਧਰਦੀ ਅੰਦਰ ਆ ਗਈ, ਤੇ ਡਾਢੀ ਗੰਭੀਰਤਾ ਨਾਲ ਉਹਦੇ ਸਾਹਮਣੇ ਗ਼ਲੀਚੇ ਉਤੇ ਬਹਿ ਗਈ। ਫੇਰ ਬਾਦਸ਼ਾਹ ਦੇ ਨੌਕਰ ਆਏ। ਉਹਨਾਂ ਹਥ ਸਤ ਦੀਵੇ ਸਨ ਤੇ ਉਹ ਉਹਨਾਂ ਬਿੱਲੀ ਦੀ ਪੂਛਲ ਉਤੇ ਰਖ ਦਿਤੇ।

ਬਾਦਸ਼ਾਹ ਜ਼ਰਨਿਆਰ ਨਾਲ 'ਨਰਦੀ' ਖੇਡਣ ਲਗ ਪਿਆ। ਖੇਡਦਾ-ਖੇਡਦਾ ਉਹ ਮੁਸਕਰਾਂਦਾ ਰਿਹਾ। ਉਹ ਉਡੀਕ ਰਿਹਾ ਸੀ ਕਿ ਨੌਜਵਾਨ ਸੁਦਾਗਰ ਮੰਨ ਲਵੇ ਕਿ ਉਹ ਹਾਰ ਗਿਆ ਸੀ।

ਹੁਣ ਜ਼ਰਨਿਆਰ ਦੇ ਨੌਕਰਾਂ ਨੇ ਪੇਟੀ ਖੋਲ੍ਹ ਲਈ ਤੇ ਬਾਦਸ਼ਾਹ ਦੇ ਕਮਰੇ ਵਿਚ ਇਕ ਚੂਹਾਂ ਛਡ ਦਿਤਾ ।

ਜਦੋਂ ਬਿੱਲੀ ਨੇ ਚੂਹਾ ਵੇਖਿਆ, ਤਾਂ ਉਹਦੀਆਂ ਅੱਖਾਂ ਚਮਕਣ ਲਗ ਪਈਆਂ ਤੇ ਇੰਜ ਲਗਾ, ਜਿਵੇਂ ਉਹ ਆਪਣੀ ਥਾਂ ਤੋਂ ਹਿਲਣ ਲਗੀ ਹੋਵੇ। ਪਰ ਬਾਦਸ਼ਾਹ ਨੇ ਉਹਦੇ ਵਲ ਏਡੀ ਸਖ਼ਤੀ ਦੀ ਨਜ਼ਰ

੧੨੧