ਪੰਨਾ:ਮਾਣਕ ਪਰਬਤ.pdf/129

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸ਼ਾਯਾਂ ਤਹੁਫ਼ਾ ਪੇਸ਼ ਕਰਨਾ ਹੁੰਦੈ। ਬਦਲੇ 'ਚ, ਬਾਦਸ਼ਾਹ ਸੁਦਾਗਰ ਨੂੰ ਆਪਣੇ ਮਹਿਲੀਂ ਬੁਲਾਂਦੈ ਤੇ ਉਹਦੇ ਨਾਲ 'ਨਰਦੀ'* ਦੀ ਬਾਜ਼ੀ ਲਾਂਦੈ।”

ਮਾਮੇਦ ਕੀ ਕਰਦਾ? ਉਹ ਚਾਹੁੰਦਾ ਨਾ ਚਾਹੁੰਦਾ, ਉਹਨੂੰ ਬਾਦਸ਼ਾਹ ਕੋਲ ਜਾਣਾ ਹੀ ਪੈਣਾ ਸੀ। ਇਸ ਲਈ, ਉਹਨੇ ਆਪਣੇ ਕੋਲ ਵਾਲ਼ੇ ਸਭ ਤੋਂ ਕੀਮਤੀ ਕਪੜੇ ਚੁਣੇ, ਉਹਨਾਂ ਨੂੰ ਇਕ ਸੋਨੇ ਦੇ ਥਾਲ ਵਿਚ ਰਖਿਆ, ਤੇ ਮਹਿਲ ਵਲ ਨੂੰ ਹੋ ਪਿਆ।

ਸ਼ਾਹ ਨੇ ਤੁਹਫ਼ੇ ਕਬੂਲ ਕੀਤੇ ਤੇ ਸੁਦਾਗਰ ਤੋਂ ਪੁੱਛਣ ਲਗ ਪਿਆ, ਉਹ ਕਿਹੜੇ ਸ਼ਹਿਰੋਂ ਆਇਆ ਸੀ, ਕਿਹੜੇ ਮਾਲ ਦੀ ਸੁਦਾਗਰੀ ਕਰਦਾ ਸੀ, ਤੇ ਕਿਥੇ-ਕਿਥੇ ਗਿਆ ਸੀ। ਮਾਮੇਦ ਨੇ ਜਵਾਬ ਵਿਚ ਸਾਰਾ ਕੁਝ ਸਚ-ਸਚ ਦਸ ਦਿਤਾ, ਤੇ ਜਦੋਂ ਬਾਦਸ਼ਾਹ ਨੇ ਉਹਦੀ ਗਲ ਸੁਣ ਲਈ, ਉਹ ਕਹਿਣ ਲਗਾ:

"ਅਜ ਸ਼ਾਮੀਂ ਮੇਰੇ ਮਹਿਲੀਂ ਆਈਂ, ਤੇ ਤੂੰ ਤੇ ਮੈਂ ਨਰਦੀ ਖੇਡਾਂਗੇ।”

ਸ਼ਾਮੀਂ ਮਾਮੇਦ ਮਹਿਲੀਂ ਪਹੁੰਚਿਆ, ਤੇ ਓਥੇ ਬਾਦਸ਼ਾਹ ਉਹਦੀ ਉਡੀਕ ਕਰ ਰਿਹਾ ਸੀ ਤੇ ਉਹਦੇ ਸਾਹਮਣੇ 'ਨਰਦੀ' ਦੀ ਬਸਾਤ ਵਿਛੀ ਹੋਈ ਸੀ।

“ਸੁਦਾਗਰਾ, ਮੇਰੇ ਕਾਇਦੇ ਸੁਣ ਲੈ," ਬਾਦਸ਼ਾਹ ਨੇ ਕਿਹਾ।" ਮੇਰੇ ਕੋਲ ਇਕ ਵਿਦਵਾਨ ਬਿੱਲੀ ਏ। ਉਹ ਸਾਰੀ-ਸਾਰੀ ਰਾਤ, ਸ਼ਾਮ ਤੋਂ ਸਵੇਰ ਤਕ, ਆਪਣੀ ਪੂਛਲ: 'ਤੇ ਸਤ ਜਗੇ ਹੋਏ ਦੀਵੇ ਟਿਕਾ ਸਕਦੀ ਏ। ਤੇ ਜੇ ਉਹ ਜਿੰਨਾ ਵੀ ਚਿਰ ਅਸੀਂ ਖੇਡਦੇ ਹਾਂ, ਓਨਾ ਈ ਚਿਰ ਦੀਵੇ ਟਿਕਾ ਸਕੀ, ਤਾਂ ਤੇਰੀ ਸਾਰੀ ਦੌਲਤ ਤੇ ਤੇਰਾ ਸਾਰਾ ਮਾਲ-ਅਸਬਾਬ ਮੇਰਾ ਹੋ ਜਾਵੇਗਾ, ਤੇ ਮੇਰੇ ਹੁਕਮ ਨਾਲ ਤੇਰੀਆਂ ਮੁਸ਼ਕਾਂ ਕੱਸ ਦਿਤੀਆਂ ਜਾਣਗੀਆਂ ਤੇ ਤੈਨੂੰ ਕੈਦਖਾਨੇ ਪਾ ਦਿਤਾ ਜਾਏਗਾ। ਪਰ ਜੇ ਬਿੱਲੀ ਆਪਣੀ ਥਾਂ ਤੋਂ ਰਤਾ-ਮਾਸਾ ਵੀ ਹਿਲਦੀ ਏ, ਤਾਂ ਮੇਰਾ ਸਾਰਾ ਖਜ਼ਾਨਾ ਤੇਰਾ ਹੋ ਜਾਏਗਾ ਤੇ ਤੂੰ ਮੇਰਾ ਜੋ ਵੀ ਹਾਲ ਕਰਨਾ ਚਾਹੇਂ, ਕਰ ਸਕੇਂਗਾ।"

ਸੁਦਾਗਰ ਕਰਦਾ ਤੇ ਕੀ ਕਰਦਾ?ਭਜਿਆ ਜਾ ਨਹੀਂ ਸੀ ਸਕਦਾ, ਨਾਂਹ-ਨੁਕਰ ਕਰ ਸਕਣ ਦਾ ਸਵਾਲ ਹੀ ਨਹੀਂ ਸੀ ਉਠਦਾ। ਬਾਦਸ਼ਾਹ ਦੀਆਂ ਸ਼ਰਤਾਂ ਮੰਨਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਤੇ ਉਹ ਓਥੇ ਬੈਠਾ ਰਿਹਾ ਤੇ ਆਪਣੇ ਆਪ ਨੂੰ ਲਾਅਨਤਾਂ ਪਾਣ ਲਗਾ, ਕਿਉਂ ਉਹ ਇਸ ਸ਼ਹਿਰ ਆਇਆ।

"ਮਾਲ-ਅਸਬਾਬ ਦੀ ਤਾਂ ਗੱਲ ਈ ਛਡੋ, ਏਥੇ ਤਾਂ ਜ਼ਿੰਦਗੀ ਤੋਂ ਵੀ ਹਥ ਧੋਣਾ ਪੈ ਸਕਦੈ!" ਉਹਨੇ ਸੋਚਿਆ।

ਫੇਰ ਬਾਦਸ਼ਾਹ ਨੇ ਵਿਦਵਾਨ ਬਿੱਲੀ ਨੂੰ ਸਦਿਆ, ਬਿੱਲੀ ਆਈ, ਉਹਨੇ ਆਪਣੀ ਪੂਛਲ ਘੁਮਾਈ, ਤੇ ਉਹਦੇ ਸਾਹਮਣੇ ਬੈਠ ਗਈ।

"ਦੀਵੇ ਲਿਆਉ!" ਬਾਦਸ਼ਾਹ ਨੇ ਹੁਕਮ ਦਿਤਾ।

ਇਕਦਮ ਹੀ ਨੌਕਰ ਸਤ ਦੀਵੇ ਲੈ ਆਏ ਤੇ ਉਹ ਉਹਨਾਂ ਬਿੱਲੀ ਦੀ ਪੂਛਲ ਉਤੇ ਰਖ ਦਿਤੇ।

ਬਾਦਸ਼ਾਹ ਨੇ ਗੀਟੀਆਂ ਚੁੱਕੀਆਂ, ਤੇ ਬਾਜ਼ੀ ਸ਼ੁਰੂ ਹੋ ਗਈ।

ਸੁਦਾਗਰ ਬਸਾਤ ਉਤੇ ਮਹੁਰੇ ਚਲਾਂਦਾ ਬਿੱਲੀ ਵਲ ਵੇਖਦਾ ਰਿਹਾ। ਤੇ ਬਿੱਲੀ ਓਥੇ ਬੈਠੀ ਸੀ,


  • ਨਰਦੀ - ਚੌਸਰ।- ਅਨੁ:

੧੧੯