ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿ ਉਹਦਾ ਤੀਰ ਉਪਰ ਵਲ ਨੂੰ ਚਲਾ ਗਿਆ ਤੇ ਉਹਨੂੰ ਪਤਾ ਨਾ ਲਗਾ, ਉਹ ਕਿੱਧਰ ਉਡ ਗਿਆ। ਉਹ ਉਹਦੀ ਭਾਲ ਵਿਚ ਨਿਕਲ ਪਿਆ ਤੇ ਟੁਰਦਾ ਗਿਆ, ਟੁਰਦਾ ਗਿਆ, ਤੇ ਇਕ ਦਲਦਲ ਕੋਲ ਜਾ ਅੱਪੜਿਆ ਤੇ ਓਥੇ ਉਹਨੇ ਵੇਖਿਆ, ਇਕ ਡੱਡੀ ਉਹਦਾ ਤੀਰ ਮੂੰਹ ਵਿਚ ਪਾਈ ਬੈਠੀ ਸੀ।

ਜ਼ਾਰਜ਼ਾਦੇ ਈਵਾਨ ਨੇ ਡੱਡੀ ਨੂੰ ਆਖਿਆ :

"ਡੱਡੀਏ, ਡੱਡੀਏ, ਮੇਰਾ ਤੀਰ ਮੈਨੂੰ ਵਾਪਸ ਦੇ ਦੇ।"

ਪਰ ਡੱਡੀ ਨੇ ਜਵਾਬ ਦਿਤਾ :

"ਦੇਵਾਂ ਤਾਂ ਜੇ ਤੂੰ ਮੇਰੇ ਨਾਲ ਵਿਆਹ ਕਰਾਏ!"

"ਕੀ ਕਹਿ ਰਹੀ ਏਂਂ, ਡੱਡੀ ਨਾਲ ਵਿਆਹ ਕਿਵੇਂ ਕਰਾ ਲਾਂ!"

"ਤੈਨੂੰ ਕਰਾਣਾ ਪਏਗਾ, ਮੈਂ ਤੇਰੇ ਭਾਗੀਂ ਲਿਖੀ ਵਹੁਟੀ ਜੁ ਹੋਈ।"

ਈਵਾਨ ਉਦਾਸ ਤੇ ਨਿਮੋਝੂਣਾ ਹੋ ਗਿਆ। ਪਰ ਉਹ ਕਰਦਾ ਤਾਂ ਕੀ ਕਰਦਾ। ਉਹਨੇ ਡੱਡੀ ਨੂੰ ਚੁੱਕ ਲਿਆ ਤੇ ਘਰ ਲੈ ਆਇਆ। ਤੇ ਜ਼ਾਰ ਨੇ ਤਿੰਨ ਵਿਆਹਾਂ ਦੇ ਜਸ਼ਨ ਕੀਤੇ: ਉਹਦਾ ਸਭ ਤੋਂ ਵਡਾ ਪੁੱਤਰ ਜਾਗੀਰਦਾਰ ਦੀ ਧੀ ਨਾਲ ਵਿਆਹਿਆ ਗਿਆ, ਉਹਦਾ ਵਿਚਲਾ ਪੁੱਤਰ -ਵਪਾਰੀ ਦੀ ਧੀ ਨਾਲ, ਤੇ ਵਿਚਾਰਾ ਈਵਾਨ-ਡੱਡੀ ਨਾਲ।

ਕੁਝ ਚਿਰ ਲੰਘ ਗਿਆ ਤੇ ਜ਼ਾਰ ਨੇ ਆਪਣੇ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ।

"ਮੈਂ ਵੇਖਣਾ ਚਾਹੁੰਨਾਂ, ਤੁਹਾਡੇ 'ਚੋਂ ਕਿਦ੍ਹੀ ਵਹੁਟੀ ਨੂੰ ਸਿਲਾਈ ਸਭ ਤੋਂ ਚੰਗੀ ਆਉਂਦੀ ਏ," ਉਹਨੇ ਆਖਿਆ। ਸਾਰੀਆਂ ਕੱਲ੍ਹ ਸਵੇਰ ਹੋਣ ਤਕ ਮੇਰੇ ਲਈ ਇਕ-ਇਕ ਕਮੀਜ਼ ਬਣਾਣ।

ਪੁਤਰਾਂ ਨੇ ਪਿਓ ਸਾਹਮਣੇ ਸੀਸ ਨਿਵਾਇਆ ਤੇ ਚਲੇ ਗਏ।

ਈਵਾਨ ਘਰ ਆਇਆ, ਬਹਿ ਗਿਆ ਤੇ ਉਹਨੇ ਸਿਰ ਨੀਵਾਂ ਪਾ ਲਿਆ। ਤੇ ਡੱਡੀ ਟਪੋਸੀ ਮਾਰ ਫ਼ਰਸ਼ ਉਤੇ ਤੇ ਫੇਰ ਉਹਦੇ ਕੋਲ ਆ ਪੁੱਜੀ ਤੇ ਪੁੱਛਣ ਲਗੀ :

"ਈਵਾਨ, ਸੋਚੀਂ ਕਿਉਂ ਡੁੱਬਾ ਹੋਇਐ? ਕਾਹਦੀ ਚਿੰਤਾ ਲਗੀ ਹੋਈ ਆ?"

"ਪਿਤਾ ਜੀ ਦਾ ਹੁਕਮ ਏ, ਤੂੰ ਕੱਲ੍ਹ ਸਵੇਰ ਤਕ ਉਹਨਾਂ ਲਈ ਇਕ ਕਮੀਜ਼ ਬਣਾਵੇਂ।"

ਡੱਡੀ ਨੇ ਕਿਹਾ:

"ਈਵਾਨ, ਦਿਲ ਨਾ ਦੁਖਾ, ਸਗੋਂ ਜਾ ਕੇ ਸੌਂ ਜਾ, ਏਸ ਲਈ ਕਿ ਸਵੇਰ ਸ਼ਾਮ ਨਾਲੋਂ ਸਿਆਣੀ ਹੁੰਦੀ ਏ।"

ਈਵਾਨ ਸੌਂ ਗਿਆ ਤੇ ਡੱਡੀ ਟਪੋਸੀਆਂ ਮਾਰਦੀ ਬਾਹਰ ਡਿਉਢੀ ਵਿਚ ਆ ਗਈ, ਉਹਨੇ ਆਪਣੀ ਡੱਡੂਆਂ ਵਾਲੀ ਖੱਲ ਲਾਹ ਸੁੱਟੀ ਤੇ ਚਤਰ-ਸੁਜਾਨ ਵਸਿਲੀਸਾ ਬਣ ਗਈ, ਇਹ ਐਸੀ ਮੁਟਿਆਰ, ਨਾ ਸੁਹਣੀ ਹੋਰ ਕੋਈ ਜਿਹਦੇ ਹਾਰ।

ਉਹਨੇ ਤਾੜੀ ਮਾਰੀ ਤੇ ਬੋਲੀ:

"ਆਓ, ਮੇਰੀਓ ਗੋਲੀਓ ਤੇ ਬਾਂਦੀਓ, ਛੇਤੀ ਕਰੋ ਤੇ ਕੰਮ ਵਿਚ ਜੁੱਟ ਜਾਓ। ਕਲ੍ਹ ਸਵੇਰ ਤਕ ਮੈਨੂੰ ਇਕ ਕਮੀਜ਼ ਬਣਾ ਦਿਓ, ਓਹੋ ਜਿਹੀ ਜਿਹੋ ਜਿਹੀ ਮੇਰੇ ਪਿਤਾ ਜੀ ਪਾਂਦੇ ਹੁੰਦੇ ਸਨ।"

ਸਵੇਰੇ ਈਵਾਨ ਜਾਗਿਆ ਤੇ ਡੱਡੀ ਫੇਰ ਫ਼ਰਸ਼ ਉਤੇ ਪੋਸੀਆਂ ਮਾਰ ਰਹੀ ਸੀ, ਪਰ ਕਮੀਜ਼ ਪੂਰੀ ਦੀ ਪੂਰੀ ਤਿਆਰ ਸੀ ਤੇ ਇਕ ਸੁੰਦਰ ਤੌਲੀਏ ਵਿਚ ਲਪੇਟੀ ਮੇਜ਼ ਉਤੇ ਰਖੀ ਪਈ ਸੀ। ਈਵਾਨ ਦੀ

੧੦