ਪੰਨਾ:ਮਾਣਕ ਪਰਬਤ.pdf/110

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਿਆਜ਼-ਬੋ ਫ਼ਤ-ਫ਼ਰੂਮੋਸ ਤੇ ਸੂਰਜ ਦੀ
ਭੈਣ, ਇਲਾਨਾ ਕਸਿਨਜ਼ਾਨਾ
ਮੋਲਦਾਵੀ ਪਰੀ-ਕਹਾਣੀ

ਜੁ ਗਲ ਸੱਚੀ, ਉਹ ਹੈ ਸਚੀ

ਕਹਾਣੀ ਹੁੰਦੀ ਏ ਕਹਾਣੀ,

ਜੇ ਇਹ ਕਦੀ ਨਾ ਹੁੰਦਾ-ਹੰਢਦਾ

ਸੀ ਕਿਨੇ ਅਫ਼ਵਾਹ ਫੈਲਾਣੀ।

ਇਕ ਵਾਰੀ ਦੀ ਗਲ ਏ, ਇਕ ਆਦਮੀ ਤੇ ਉਹਦੀ ਘਰ ਵਾਲੀ ਹੁੰਦੇ ਸਨ, ਤੇ ਉਹਨਾਂ ਦੀ ਇਕ ਧੀ ਹੁੰਦੀ ਸੀ, ਜਿਹੜੀ ਏਨੀ ਸੁਹਣੀ ਸੀ, ਜਿੰਨੀ ਉੱਜਲ ਸਵੇਰ। ਉਹ ਕੰਮ-ਕਾਜ ਵਿਚ ਫੁਰਤੀਲੀ ਸੀ ਤੇ ਹੱਥਾਂ ਦੀ ਹੁੰਨਰ ਵਾਲੀ, ਤੇ ਇੰਜ ਸ਼ੋਖ ਤੇ ਚੰਚਲ ਸੀ, ਜਿਵੇਂ ਬਸੰਤੀ ਪੌਣ। ਜੇ ਕਦੀ ਕੋਈ ਉਹਦੇ ਕਿਰਤ ਕਰਦੇ ਹੱਥ, ਉਹਦੇ ਡਲਕਦੇ ਨੈਣ, ਉਹਦੀਆਂ ਦੱਗਦੀਆਂ, ਗੁਲਾਬੀ ਗਲਾਂ ਵੇਖ ਲੈਂਦਾ, ਉਹਨੂੰ ਉਹ ਸਾਰੀ ਉਮਰ ਨਾ ਭੁਲਦੀ, ਤੇ ਉਹਨੂੰ ਤਕ ਮੁੰਡਿਆਂ ਦੇ ਦਿਲਾਂ ਦੀ ਧੜਕਨ ਤੇਜ਼ ਹੋ ਜਾਂਦੀ।

ਇਕ ਧੁਪਿਆਲੇ ਦਿਨ, ਸੁਹਣੀ ਮੁਟਿਆਰ ਨੇ ਦੋ ਘੜੇ ਚੁਕੇ ਤੇ ਪਾਣੀ ਲਿਆਣ ਲਈ ਖੂਹ ਵਲ ਟੁਰ ਪਈ। ਜਦੋਂ ਉਹਨੇ ਘੜੇ ਭਰ ਲਏ, ਉਹਦਾ ਖੂਹ ਕੋਲ ਰਤਾ ਬਹਿ ਜਾਣ ਨੂੰ ਦਿਲ ਕਰ ਆਇਆ। ਬੈਠਿਆਂ ਬੈਠਿਆਂ, ਉਹਨੇ ਖੂਹ ਵਿਚ ਝਾਤੀ ਮਾਰੀ ਤੇ ਵੇਖਿਆ, ਅੰਦਰ ਇਕ ਨਿਆਜ਼-ਬੋ ਦਾ ਬੂਟਾ ਉਗਿਆ ਹੋਇਆ ਸੀ। ਬਿਨਾਂ ਕੁਝ ਹੋਰ ਸੋਚਿਆਂ, ਉਹਨੇ ਬੂਟਾ ਪੁਟ ਲਿਆ ਤੇ ਉਹਦੀ ਖੁਸ਼ਬੋ ਸੁੰਘੀ, ਤੇ ਉਹਦੀ ਖੁਸ਼ਬੋ ਨਾਲ ਉਹਦੀ ਕੁੱਖੇ ਇਕ ਬਾਲ ਪੈ ਗਿਆ।

੧੦੨