ਪੰਨਾ:ਮਾਣਕ ਪਰਬਤ.pdf/100

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹੀਸੀ ਦਾ ਪੁੜ

ਕਰੇਲੀ ਪਰੀ-ਕਹਾਣੀ

ਇਕ ਵਾਰੀ ਦੀ ਗਲ ਏ, ਦੋ ਭਰਾ ਹੁੰਦੇ ਸਨ, ਜਿਨ੍ਹਾਂ ਵਿਚ ਇਕ ਤਾਂ ਗਰੀਬ ਸੀ ਤੇ ਦੂਜਾ ਰੱਜਾ ਪੁੱਜਾ। ਰੱਜਾ-ਪੁੱਜਾ ਭਰਾ ਗਵਾਂਢੀਆਂ ਨਾਲ ਤਾਂ ਬਣਾ ਕੇ ਰਖਦਾ ਤੇ ਉਹਨਾਂ ਨੂੰ ਖੁਸ਼ ਕਰਨ ਲਈ ਤਿਆਰ ਰਹਿੰਦਾ, ਪਰ ਖੁਦ ਆਪਣੇ ਭਰਾ ਨਾਲ ਉਹਦਾ ਵਰਤਾਰਾ ਇਹੋ ਜਿਹਾ ਹੁੰਦਾ, ਜਿਵੇਂ ਉਹਨੂੰ ਜਾਣਦਾ ਹੀ ਨਾ ਹੋਵੇ; ਉਹਨੂੰ ਤੌਖ਼ਲਾ ਲਗਾ ਰਹਿੰਦਾ ਕਿ ਗਰੀਬ ਭਰਾ ਉਹਦੇ ਤੋਂ ਕੁਝ ਮੰਗਣ ਨੂੰ ਨਾ ਟੁਰਿਆ ਆਵੇ।

ਇੰਜ ਨਹੀਂ ਸੀ ਕਿ ਗ਼ਰੀਬ ਭਰਾ ਰੱਜੇ-ਪੁੱਜੇ ਭਰਾ ਕੋਲ ਮੰਗਣ ਨੂੰ ਹੀ ਟੁਰਿਆ ਰਹਿੰਦਾ ਸੀ।

ਪਰ, ਇਕ ਵਾਰੀ ਜਦੋਂ ਕੋਈ ਦਿਹਾਰ ਆਇਆ, ਤੇ ਉਹਦੇ ਕੋਲ ਘਰ ਕੁਝ ਨਾ ਨਿਕਲਿਆ, ਉਹਦੀ ਘਰ ਵਾਲੀ ਉਹਨੂੰ ਆਖਣ ਲਗੀ:

“ਦਿਹਾਰ ਕਿਵੇਂ ਮਨਾਵਾਂਗੇ? ਭਰਾ ਕੋਲ ਜਾ ਤੇ ਥੋੜਾ ਜਿਹਾ ਮਾਸ ਹੁਦਾਰਾ ਮੰਗ ਲਿਆ। ਕਲ੍ਹ ਉਹਨੇ ਆਪਣਾ ਪਸ਼ੂ ਵੱਢੀਆ ਸੀ, ਮੈਂ ਵੇਖਿਆ ਸੀ ਉਹਨੂੰ।”

ਗ਼ਰੀਬ ਆਦਮੀ ਆਪਣੇ ਭਰਾ ਕੋਲ ਨਹੀਂ ਸੀ ਜਾਣਾ ਚਾਹੁੰਦਾ ਤੇ ਉਹਨੇ ਇਹ ਆਪਣੀ ਘਰ ਵਾਲੀ ਨੂੰ ਵੀ ਕਿਹਾ, ਪਰ ਹੋਰ ਕੋਈ ਥਾਂ ਹੀ ਨਹੀਂ ਸੀ, ਜਿਥੇ ਉਹ ਜਾ ਸਕਦਾ।

ਤੇ ਉਹ ਆਪਣੇ ਰੱਜੇ-ਪੁੱਜੇ ਭਰਾ ਕੋਲ ਗਿਆ ਤੇ ਕਹਿਣ ਲਗਾ:

"ਭਰਾਵਾ, ਮੈਨੂੰ ਥੋੜਾ ਜਿਹਾ ਮਾਸ ਹੁਦਾਰਾ ਦੇ ਦੇ, ਦਿਹਾਰ ਲਈ ਸਾਡੇ ਕੋਲ ਘਰ ਕੁਝ ਵੀ ਨਹੀਂ।”

ਤੇ ਰੱਜੇ-ਪੁੱਜੇ ਭਰਾ ਨੇ ਉਹਦੇ ਵਲ ਗਾਂ ਦਾ ਇਕ ਪੌੜ ਸੁਟਿਆ ਤੇ ਚਿਲਕਿਆ:

“ਐਹ, ਲੈ ਫੜ ਤੇ ਜਾ ਹੀ, ਜੰਗਲ ਦੇ ਦਿਓ, ਕੋਲ!”

ਗ਼ਰੀਬ ਭਰਾ ਰੱਜੇ-ਪੁੱਜੇ ਭਰਾ ਦੇ ਘਰੋਂ ਨਿਕਲਿਆ ਤੇ ਆਪਣੇ ਆਪ ਨੂੰ ਕਹਿਣ ਲਗਾ:

“ਪੌੜ ਮੈਨੂੰ ਨਹੀਂ ਸੂ ਦਿਤਾ, ਜੰਗਲ ਦੇ ਦਿਓ, ਹੀਸੀ, ਨੂੰ ਦਿਤਾ ਸੂ, ਏਸ ਲਈ ਚੰਗਾ ਹੋਵੇ ਜਾਂ ਮੈਂ ਇਹਨੂੰ ਹੀਸੀ ਕੋਲ ਈ ਲੈ ਜਾਵਾਂ।"

ਤੇ ਉਹ ਜੰਗਲ ਵਲ ਹੋ ਪਿਆ।

ਉਹਨੂੰ ਜੰਗਲ ਵਿਚ ਬਹੁਤ ਦੂਰ ਜਾਣਾ ਪਿਆ ਜਾਂ ਨਾ, ਇਹਦਾ ਕਿਸੇ ਨੂੰ ਪਤਾ ਨਹੀਂ; ਪਰ ਟੁਰਦਿਆ ਟੁਰਦਿਆਂ ਉਹਨੂੰ ਕੁਝ ਲੱਕੜਹਾਰੇ ਮਿਲ ਪਏ।

“ਕਿੱਧਰ ਜਾ ਰਿਹੈਂ?” ਲੱਕੜਹਾਰਿਆਂ ਨੇ ਪੁਛਿਆ।

੯੪