ਪੰਨਾ:ਮਾਓ ਜ਼ੇ-ਤੁੰਗ.pdf/95

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ ਨੇ ਕਿਹਾ ਕਿ ‘ਅਫ਼ਸਰਸ਼ਾਹ ਜਮਾਤ’ ਨਵੀਂ ਸਰਮਾਏਦਾਰੀ ਹੈ ਅਤੇ ਇਹ ਆਮ ਜਨਤਾ ਨੂੰ ਦਬਾ ਕੇ ਰੱਖ ਰਹੀ ਹੈ। ਉਸ ਦਾ ਇਸ਼ਾਰਾ ਸਪਸ਼ਟ ਸੀ ਕਿ ਪਾਰਟੀ ਉੱਤੇ ਨਵੀਂ ਸਰਮਾਏਦਾਰੀ ਜਮਾਤ ਦਾ ਕਬਜਾ ਹੋ ਗਿਆ, ਸੱਚੇ ਸਮਾਜਵਾਦ ਲਈ ਪਾਰਟੀ ਨੂੰ ਇਸ ਅਫ਼ਸਰਸ਼ਾਹ, ਸਰਮਾਏਦਾਰੀ ਜਮਾਤ ਤੋਂ ਮੁਕਤ ਕਰਵਾਉਣਾ ਹੋਵੇਗਾ। . ਪਾਰਟੀ ਚਾਹੇ ਮਾਓ ਦੇ ਅਨੁਸਾਰ ਨਹੀਂ ਚੱਲ ਰਹੀ ਸੀ ਪਰ ਪਾਰਟੀ ਕਾਡਰ ਵਿੱਚ ਮਾਓ ਦਾ ਸਤਿਕਾਰ ਉਸੇ ਤਰ੍ਹਾਂ ਬਣਿਆ ਹੋਇਆ ਸੀ। ਸਗੋਂ ਇਨ੍ਹਾਂ ਸਾਲਾਂ ਵਿੱਚ ਉਸ ਦਾ ਪ੍ਰਭਾਵ ਵਧ ਰਿਹਾ ਸੀ। ਜਦ ਉਹ ਪਾਰਟੀ ਨੀਤੀਆਂ ਦੀ ਆਲੋਚਨਾ ਕਰਦਾ ਅਤੇ ਇਨ੍ਹਾਂ ਨੀਤੀਆਂ ਦੇ ਸਿੱਟੇ ਵਜੋਂ ਪੈਦਾ ਹੋ ਰਹੇ ਨਵੇਂ ਵਿਸ਼ਿਸ਼ਟ ਵਰਗ ਬਾਰੇ ਸੁਚੇਤ ਕਰਦਾ ਸੀ ਤਾਂ ਆਮ ਜਨਤਾ ਉਸ ਨਾਲ ਸਹਿਮਤ ਹੁੰਦੀ ਸੀ, ਵਿਸ਼ੇਸ਼ ਕਰ ਕਿਸਾਨੀ, ਫੌਜ ਅਤੇ ਵਿਦਿਆਰਥੀਆਂ ਤੋਂ ਉਸ ਨੂੰ ਜੋਰਦਾਰ ਹੁੰਗਾਰਾ ਮਿਲਦਾ ਸੀ। ਫੌਜ ਦਾ ਮੁਖੀ ਲਿਨ ਪਿਆਓ ਪਾਰਟੀ ਦੀਆਂ ਸੱਜੇ ਪੱਖੀ ਨੀਤੀਆਂ ਦਾ ਆਲੋਚਕ ਅਤੇ ਮਾਓ ਦਾ ਖਾਸ ਹਮਾਇਤੀ ਸੀ। ਉਸ ਨੇ ‘ਲਾਲ ਕਿਤਾਬ’ ਵਜੋਂ ਮਸ਼ਹੂਰ ਹੋਈ ਮਾਓ ਦੀਆਂ ਟੂਕਾਂ ਦੀ ਪੁਸਤਕ ਦਾ ਪਹਿਲਾ ਐਡੀਸ਼ਨ ਤਿਆਰ ਕੀਤਾ ਅਤੇ ਇਸ ਨੂੰ ਫੌਜ ਵਿੱਚ ਲਾਜ਼ਮੀ ਕੀਤਾ। ਇਸ ਤਰ੍ਹਾਂ 1960 ਤੋਂ 1965 ਤੱਕ ਦੇ ਪੰਜ ਕੁ ਸਾਲ, ਮਾਓ ਜ਼ੇ-ਤੁੰਗ ਚਾਹੇ ਸਰਕਾਰ ਅਤੇ ਪਾਰਟੀ ਤੋਂ ਪਾਸੇ ਰਿਹਾ ਪਰ ਉਸ ਦਾ ਪ੍ਰਭਾਵ ਸਗੋਂ ਵਧਦਾ ਗਿਆ।

  • * *

ਮਾਓ ਜ਼ੇ-ਤੁੰਗ /95