ਪੰਨਾ:ਮਾਓ ਜ਼ੇ-ਤੁੰਗ.pdf/64

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਏ ਰਸਤੇ ਵਿੱਚ 62 ਸ਼ਹਿਰਾਂ/ਕਸਬਿਆਂ 'ਤੇ ਕਬਜ਼ਾ ਕੀਤਾ। ਪਿੱਛਾ ਕਰ ਰਹੀ ਚਿਆਂਗ ਕਾਈ ਸ਼ੱਕ ਦੀ ਵਿਸ਼ਾਲ ਫੌਜ ਤੋਂ ਇਲਾਵਾ ਉਨ੍ਹਾਂ ਨੇ ਦਸ ਹੋਰ ਯੁੱਧ ਸਰਦਾਰਾਂ ਦੀਆਂ ਫੌਜਾਂ ਦਾ ਮੁਕਾਬਲਾ ਕੀਤਾ ਅਤੇ ਉਨ੍ਹਾਂ ਦੇ ਘੇਰੇ ਤੋੜੇ। ਇਸ ਲੰਮੇ ਕੂਚ ਦੌਰਾਨ ਕੁੱਲ 1,80,000 ਲਾਲ ਸੈਨਿਕ ਸ਼ਹੀਦ ਹੋਏ। ਜਿਹੜੇ ਕਾਮਰੇਡਾਂ ਨੇ ਕਿਆਂਗਸੀ ਤੋਂ ਇਹ ਲੰਮਾ ਕੂਚ ਸ਼ੁਰੂ ਕੀਤਾ ਸੀ ਉਨ੍ਹਾਂ ਵਿਚੋਂ ਕੇਵਲ 7000 ਹੀ ਸਹੀ ਸਲਾਮਤ ਮੰਜ਼ਿਲ ਤੇ ਪਹੁੰਚੇ, ਨੱਬੇ ਪ੍ਰਤੀਸ਼ਤ ਰਾਹ ਵਿੱਚ ਹੀ ਲੜਾਈਆਂ, ਬਿਮਾਰੀਆਂ, ਥਕਾਵਟ, ਭੁੱਖ ਅਤੇ ਅਦਿਵਾਸੀਆਂ ਦੇ ਹਮਲਿਆਂ ਕਾਰਣ ਖਤਮ ਹੋ ਗਏ। ਪਰ ਇਸ ਨੁਕਸਾਨ ਦੇ ਮੁਕਾਬਲੇ ਇਸਦਾ ਦੂਜਾ ਪੱਖ ਵੀ ਸੀ ਜਿਸ ਬਾਰੇ ਬੋਲਦਿਆਂ ਮਾਓ ਨੇ ਕਿਹਾ – “ਲੰਮਾ ਕੂਚ ਇੱਕ ਬੀਜ ਬੀਜਣ ਵਾਲੀ ਮਸ਼ੀਨ ਵੀ ਹੈ। ਇਸ ਨੇ ਗਿਆਰਾਂ ਸੂਬਿਆਂ ਵਿੱਚ ਬਹੁਤ ਬੀਜ ਬੀਜੇ ਹਨ ਜਿਹੜੇ ਭਵਿੱਖ ਵਿੱਚ ਫੁਟਣਗੇ, ਪੱਤੀਆਂ ਕੱਢਣਗੇ, ਇਨ੍ਹਾਂ ਨੂੰ ਬੂਰ ਪਵੇਗਾ, ਫਲ ਲੱਗੇਗਾ ਅਤੇ ਫਸਲ ਹੋਵੇਗੀ। ਮੁਕਦੀ ਗੱਲ ਲੰਮਾ ਕੂਚ ਸਾਡੇ ਲਈ ਜਿੱਤ ਅਤੇ ਦੁਸ਼ਮਣ ਲਈ ਹਾਰ ਨਾਲ ਮੁੱਕਿਆ ਹੈ।” ਮਾਓ ਜ਼ੇ-ਤੁੰਗ /64