ਪੰਨਾ:ਮਾਓ ਜ਼ੇ-ਤੁੰਗ.pdf/43

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਮਿਊਨਿਸਟ ਵਜੋਂ ਸ਼ੁਰੂਆਤੀ ਸਮਾਂ ਮਾਓ 1920 ਤੱਕ ਮਾਰਕਸਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਹੋ ਚੁੱਕਾ ਸੀ। ਉਸ ਵਾਂਗ ਵੱਖ ਵੱਖ ਥਾਂਵਾਂ ਉੱਤੇ ਕੁਝ ਹੋਰ ਬੁੱਧੀਜੀਵੀ ਵੀ ਮਾਰਕਸਵਾਦ ਨੂੰ ਰਾਹ ਦਸੇਰਾ ਸਮਝਣ ਲੱਗ ਪਏ ਸਨ ਅਤੇ ਚੀਨ ਵਿੱਚ ਕਮਿਊਨਿਸਟ ਪਾਰਟੀ ਦੀ ਸਥਾਪਨਾ ਲਈ ਕੋਸ਼ਿਸ਼ਾਂ ਕਰਨ ਲੱਗ ਪਏ ਸਨ। ਇਸ ਲਈ ਚੈੱਨ ਤੂ-ਸੀਓ ਅਤੇ ਲੀ ਤਾ-ਚਾਓ 5 ਨੇ ਬੀਜ਼ਿੰਗ ਵਿੱਚ ਰਹਿ ਰਹੇ ਕੁਝ ਰੂਸੀਆਂ ਰਾਹੀਂ ਕਮਿਊਨਿਸਟਾਂ ਦੀ ਕੌਮਾਂਤਰੀ ਜਥੇਬੰਦੀ ਕਮਿੰਨਟਰਨ (ਕਮਿਊਨਿਸਟ ਇੰਟਰਨੈਸ਼ਨਲ) ਨਾਲ ਸੰਪਰਕ ਕੀਤਾ। ਜਿਸ ਦੇ ਸਿੱਟੇ ਵਜੋਂ ਕਮਿੰਨਟਰਨ ਦੇ ਨੁਮਾਇੰਦੇ ਚੀਨ ਆ ਕੇ ਇਨ੍ਹਾਂ ਆਗੂਆਂ ਨੂੰ ਮਿਲੇ ਅਤੇ ਕੁਝ ਮੁਢਲੀ ਤਿਆਰੀ ਬਾਅਦ ਮਈ 1921 ਵਿੱਚ ਚੀਨੀ ਕਮਿਊਨਿਸਟ ਪਾਰਟੀ ਦੀ ਸਥਾਪਨਾ ਮੀਟਿੰਗ ਹੋਈ ਜਿਸ ਵਿੱਚ ਮਾਓ ਜ਼ੇ ਤੁੰਗ ਵੀ ਸ਼ਾਮਲ ਹੋਇਆ ਅਤੇ ਪਾਰਟੀ ਦੀ ਹੂਨਾਨ ਸ਼ਾਖ ਦੇ ਸਕੱਤਰ ਵਜੋਂ ਜਿੰਮੇਵਾਰੀਆਂ ਸੰਭਾਲੀਆਂ। ਮੁਢਲੇ ਸਾਲਾਂ ਵਿੱਚ ਚੀਨ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਚੈੱਨ ਤੂ-ਸੀਓ ਅਤੇ ਲੀ ਤਾ-ਚਾਓ ਕਰ ਰਹੇ ਸਨ ਅਤੇ ਮਾਓ ਦੋਹਵਾਂ ਤੋਂ ਬਹੁਤ ਪ੍ਰਭਾਵਿਤ ਸੀ। ਲੀ ਤਾ-ਚਾਓ ਤਾਂ ਪੀਕਿੰਗ ਯੂਨੀਵਰਸਿਟੀ ਦਾ ਉਹੀ ਲਾਇਬ੍ਰੇਰੀਅਨ ਸੀ ਜਿਸ ਦੇ ਸਹਾਇਕ ਵਜੋਂ ਮਾਓ ਕੰਮ ਕਰਦਾ ਰਿਹਾ ਸੀ ਅਤੇ ਚੈੱਨ ਤੂ-ਸੀਓ ਵੀ ਚੀਨ ਵਿੱਚ ਮਾਰਕਸਵਾਦੀ ਵਿਚਾਰਾਂ ਦੀ ਜੜ੍ਹ ਲਾਉਣ ਵਾਲਾ ਸੀ। ਮਾਓ ਦੋਹਵਾਂ ਲਈ ਹੀ ਚੀਨ ਦੇ ਸਭ ਤੋਂ ਸ਼ਾਨਦਾਰ ਬੁੱਧੀਜੀਵੀ ਆਗੂ ਸ਼ਬਦ ਵਰਤਦਾ ਹੈ ਹਾਲਾਂ ਕਿ ਕੁਝ ਸਾਲਾਂ ਬਾਅਦ ਪਾਰਟੀ ਲਾਈਨ ਦੇ ਸਵਾਲ 'ਤੇ ਚੈੱਨ ਨਾਲ ਹੀ ਉਸ ਦਾ ਸਭ ਤੋਂ ਜੋਰਦਾਰ ਵਿਰੋਧ ਖੜ੍ਹਾ ਹੁੰਦਾ ਹੈ। ਖੈਰ 1922 ਵਿੱਚ ਪਾਰਟੀ ਦੀ ਹੂਨਾਨ ਸ਼ਾਖ ਦੀ ਅਗਵਾਈ ਕਰਦਿਆਂ ਉਸ ਨੇ ਵੱਖ ਵੱਖ ਅਦਾਰਿਆਂ ਦੇ ਮਜਦੂਰਾਂ ਦੀਆਂ ਟ੍ਰੇਡ ਯੂਨੀਅਨਾਂ ਖੜ੍ਹੀਆਂ ਕੀਤੀਆਂ ਅਤੇ ਕਈ ਹੜਤਾਲਾਂ ਅਤੇ ਸੰਘਰਸ਼ ਜਥੇਬੰਦ ਕੀਤੇ। ਮਾਓ ਦੀ ਪਤਨੀ ਯਾਂਗ ਕਾਈ- ਹੂਈ ਨੇ ਔਰਤਾਂ ਨੂੰ ਜਥੇਬੰਦ ਕਰਨ ਅਤੇ ਉਨ੍ਹਾਂ ਦੀ ਸਿੱਖਿਆ ਦਾ ਕੰਮ ਸੰਭਾਲ ਲਿਆ ਅਤੇ ਮਾਓ ਦੇ ਦੋਹਵੇਂ ਭਰਾ ਉਥੋਂ ਦੇ ਖਾਨ ਮਜਦੂਰਾਂ ਵਿੱਚ ਸਰਗਰਮੀ ਨਾਲ ਕੰਮ ਕਰਨ ਲੱਗੇ। ਇੱਕ ਜਥੇਬੰਦਕ ਆਗੂ ਵਜੋਂ ਮਾਓ ਦੀ ਕਾਬਲੀਅਤ ਤੋਂ ਚੈੱਨ ਤੂ-ਸੀਓ ਮਾਓ ਜ਼ੇ-ਤੁੰਗ /43