ਪੰਨਾ:ਮਾਓ ਜ਼ੇ-ਤੁੰਗ.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਔਰਤਾਂ ਦੀ ਜਨਤਕ ਜੀਵਨ ਦੇ ਹਰ ਖੇਤਰ ਵਿੱਚ ਵੱਡੀ ਪੱਧਰ 'ਤੇ ਸ਼ਮੂਲੀਅਤ ਹੋਣੀ ਚਾਹੀਦੀ ਹੈ। ਇਸ ਤਰ੍ਹਾਂ ਮਾਓ ਨੇ ਔਰਤ ਲਈ ਜੀਵਨ ਸਾਥੀ ਦੀ ਚੋਣ ਵਿੱਚ ਆਜਾਦੀ ਹੋਣ ਦੇ ਮਸਲੇ ਨੂੰ ਵਿਅਕਤੀਗਤ ਕੋਸ਼ਿਸ਼ਾਂ ਦੀ ਬਜਾਏ ਸਮਾਜਿਕ ਅਤੇ ਰਾਜਨੀਤਕ ਪ੍ਰਬੰਧ ਵਿੱਚ ਤਬਦੀਲੀ ਦੀ ਲੋੜ ਨਾਲ ਜੋੜਿਆ। ਜਦ ਮਾਓ ਜ਼ੇ-ਤੁੰਗ ਮਿਸ ਜਾਓ ਦੀ ਖ਼ੁਦਕਸ਼ੀ ਬਾਰੇ ਇਹ ਬਹਿਸ ਚਲਾ ਰਿਹਾ ਸੀ ਤਾਂ ਉਸੇ ਸਮੇਂ ਇਬਸਨ ਦਾ ਮਸ਼ਹੂਰ ਨਾਟਕ ‘ਗੁੱਡੀ ਦਾ ਘਰ’ (A doll's house) ਚੀਨੀ ਭਾਸ਼ਾ ਵਿੱਚ ਤਾਜਾ ਤਾਜਾ ਅਨੁਵਾਦ ਹੋ ਕੇ ਸ਼ੰਘਾਈ ਦੀ ਸਟੇਜ 'ਤੇ ਖੇਡਿਆ ਗਿਆ ਸੀ ਜਿਸ ਨੇ ਚੀਨ ਦੇ ਬੁੱਧੀਜੀਵੀ ਹਲਕਿਆਂ ਵਿੱਚ ਵੱਡੀ ਬਹਿਸ ਛੇੜ ਰੱਖੀ ਸੀ। ਇਸ ਨਾਟਕ ਵਿੱਚ ਨਾਇਕਾ ‘ਨੌਰਾ’ ਆਪਣੇ ਦਬਾਊ ਪਤੀ ਅਤੇ ਘਰ ਦੇ ਦਮਘੋਟੂ ਮਾਹੌਲ ਤੋਂ ਤੰਗ ਆ ਕੇ ਘਰ ਛੱਡ ਕੇ ਚਲੀ ਜਾਂਦੀ ਹੈ। ਚੀਨ ਦੇ ਅਗਾਂਹਵਧੂ ਬੁੱਧੀਜੀਵੀ ‘ਨੌਰਾ’ ਨੂੰ ਮਾੜੇ ਵਿਆਹਾਂ ਵਿੱਚ ਫਸੀਆਂ ਔਰਤਾਂ ਲਈ ਰੋਲ-ਮਾਡਲ ਵਜੋਂ ਪੇਸ਼ ਕਰ ਰਹੇ ਸਨ, ਕਿ ਉਨ੍ਹਾਂ ਨੂੰ ਨੌਰਾ ਵਾਂਗ ਘਰ ਛੱਡ ਕੇ ਚਲੀਆਂ ਜਾਣਾ ਚਾਹੀਦਾ ਹੈ। ਇਸ ਪ੍ਰਸੰਗ ਵਿੱਚ ਚੀਨ ਦੇ ਮਸ਼ਹੂਰ ਲੇਖਕ ਲੂ ਖ਼ੂਨ ਨੇ ਸਵਾਲ ਕੀਤਾ ਕਿ ‘ਚੀਨੀ ਨੌਰਾ’ ਜੇ ਘਰ ਛੱਡ ਜਾਂਦੀ ਹੈ ਤਾਂ ਉਸ ਨਾਲ ਕੀ ਵਾਪਰੇਗਾ? ਉਸ ਦਾ ਭਾਵ ਸੀ ਕਿ ਜੋ ਸਮਾਜ ਆਜਾਦ ਔਰਤ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੈ ਤਾਂ ਅਜਿਹੀ ਔਰਤ ਲਈ ਵੇਸਵਾਪੁਣੇ ਜਾਂ ਮੌਤ ਤੋਂ ਇਲਾਵਾ ਹੋਰ ਕੋਈ ਰਾਹ ਹੀ ਨਹੀਂ ਬਚਦਾ। ਅਜਿਹੀ ਬਹਿਸ ਵਿਚੋਂ ਹੀ ਮਾਓ ਨੇ ਔਰਤ ਦੀ ਆਜਾਦੀ ਨੂੰ ਸਮਾਜਿਕ ਤਬਦੀਲੀ ਨਾਲ ਜੋੜ ਕੇ ਪੇਸ਼ ਕੀਤਾ। - ਮਾਓ ਜ਼ੇ-ਤੁੰਗ /42

for