ਪੰਨਾ:ਮਾਓ ਜ਼ੇ-ਤੁੰਗ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਵੀਂ ਬੌਧਿਕ ਲਹਿਰ ਖੜ੍ਹੀ ਹੋ ਰਹੀ ਸੀ ਜੋ ‘ਪਰੰਪਰਾ’ ਦੇ ਨਾਮ 'ਤੇ ਚੱਲੀਆਂ ਆਉਂਦੀਆਂ ਅਜਿਹੀਆਂ ਸਾਰੀਆਂ ਧਾਰਨਾਵਾਂ ਨੂੰ ਰੱਦ ਕਰਦੀ ਹੋਈ, ਆਦਮੀਆਂ ਅਤੇ ਔਰਤਾਂ ਦੇ ਮਜਬੂਤ ਸਰੀਰ ਹੋਣ ਨੂੰ ਚੰਗਾ ਆਦਰਸ਼ ਬਣਾ ਰਹੀ ਸੀ। ਇਸ ਮਾਹੌਲ ਵਿੱਚ ਮਾਓ ਵੀ ਕਸਰਤ ਕਰਨ ਅਤੇ ਮਜਬੂਤ ਸਰੀਰ ਬਨਾਉਣ ਦੇ ਪੱਖ ਵਿੱਚ ਜੋਰਦਾਰ ਢੰਗ ਨਾਲ ਵਕਾਲਤ ਕਰ ਰਿਹਾ ਸੀ। ਉਸ ਨੇ ਮਜਬੂਤ ਸਰੀਰ ਬਨਾਉਣ ਨੂੰ ਕੇਵਲ ਵਿਅਕਤੀਗਤ ਪ੍ਰਾਪਤੀ ਤੱਕ ਸੀਮਿਤ ਨਾ ਰੱਖ ਕੇ ਇਸ ਨੂੰ ਕੌਮ ਦੀਆਂ ਲੋੜਾਂ ਨਾਲ ਵੀ ਜੋੜਿਆ। ਇਸ ਲੇਖ ਦੀ ਸ਼ੁਰੂਆਤ ਹੀ ਇਨ੍ਹਾਂ ਸਤਰਾਂ ਨਾਲ ਹੁੰਦੀ ਹੈ -ਸਾਡੇ ਦੇਸ਼ ਵਿੱਚ ਤਾਕਤ ਦੀ ਘਾਟ ਹੈ; ਫੌਜੀ ਭਾਵਨਾ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ। ਸਾਡੇ ਲੋਕਾਂ ਦੀ ਸਰੀਰਕ ਹਾਲਤ ਦਿਨੋ ਦਿਨ ਡਿਗਦੀ ਜਾ ਰਹੀ ਹੈ। ਉਸ ਨੇ ਲੇਖ ਵਿੱਚ ਇਸ ਨਾਅਰੇ ’ਤੇ ਜੋਰ ਦਿੱਤਾ, “ ਮਨ ਨੂੰ ਸਭਿਅਕ ਬਣਾਓ ਅਤੇ ਸਰੀਰ ਨੂੰ ਜਾਂਗਲੀ' (Civilize the mind and make savage the body) ਇਸ ਤਰ੍ਹਾਂ ਉਸ ਨੇ ਇਸ ਮੁਢਲੇ ਲੇਖ ਵਿੱਚ ਵੀ ਦੋ ਵਿਰੋਧੀ ਪੱਖਾਂ ਦੇ ਏਕੇ ਉਭਾਰਿਆ, ਜੋ ਗੱਲ ਉਸ ਦੀਆਂ ਬਾਅਦ ਦੀਆਂ ਸਿਧਾਂਤਕ ਲਿਖਤਾਂ ਦਾ ਧੁਰਾ ਬਣਦੀ ਰਹੀ। ਉਸ ਨੇ ਸਰੀਰਕ ਮਜਬੂਤੀ ਬਾਰੇ ਗੱਲਾਂ ਨੂੰ ਕੇਵਲ ਲਿਖਣ ਤੱਕ ਸੀਮਿਤ ਨਹੀਂ ਰੱਖਿਆ ਸਗੋਂ ਇਸ ਨੂੰ ਖ਼ੁਦ ’ਤੇ ਵੀ ਲਾਗੂ ਕੀਤਾ। ਉਸ ਨੂੰ ਤੈਰਨ ਦਾ ਸ਼ੌਂਕ ਸਾਰੀ ਉਮਰ ਜਨੂੰਨ ਦੀ ਹੱਦ ਤੀਕ ਰਿਹਾ। ਇਸ ਤੋਂ ਬਿਨਾਂ ਲੰਮੀਆਂ ਵਾਟਾਂ ਪੈਦਲ ਤਹਿ ਕਰਨੀਆਂ, ਪਹਾੜਾਂ ਦੀਆਂ ਚੜ੍ਹਾਈਆਂ ਚੜ੍ਹਨਾ ਅਤੇ ਹੋਰ ਸਰੀਰਕ ਕਸਰਤਾਂ ਕਰਨਾ ਉਸ ਦਾ ਸ਼ੌਂਕ ਰਿਹਾ ਜੋ ਬਾਅਦ ਦੇ ਇਨਕਲਾਬੀ ਦੌਰ ਦੀਆਂ ਮੁਸ਼ਕਿਲਾਂ ਵਿੱਚ ਨਿਭਣ ਦੇ ਬਹੁਤ ਕੰਮ ਆਇਆ। 1919 ਦੇ ਸ਼ੁਰੂ ਵਿੱਚ ਮਾਓ ਬੀਜ਼ਿੰਗ ਛੱਡ ਕੇ ਵਾਪਸ ਆਪਣੇ ਸੂਬੇ ਵਿੱਚ ਆ ਗਿਆ ਸੀ ਕਿਉਂਕਿ ਉਸ ਨੂੰ ਆਪਣੀ ਮਾਤਾ ਦੀ ਬਿਮਾਰੀ ਦਾ ਸੁਨੇਹਾ ਮਿਲਿਆ ਸੀ। ਉਸ ਦੇ ਆਉਣ ਤੋਂ ਕੁਝ ਸਮੇਂ ਬਾਅਦ ਹੀ ਬੀਜ਼ਿੰਗ ਵਿੱਚ 4 ਮਈ ਦੀ ਲਹਿਰ ਸ਼ੁਰੂ ਹੋ ਗਈ। ਇਹ ਲਹਿਰ ਵਾਰਸੇਲਜ਼ ਦੀ ਸੰਧੀ ਦੇ ਖਿਲਾਫ਼ ਸੀ। ਇਹ ਸੰਧੀ ਪਹਿਲੀ ਸੰਸਾਰ ਜੰਗ ਤੋਂ ਬਾਅਦ, ਜੰਗ ਵਿੱਚ ਸ਼ਾਮਲ ਦੇਸ਼ਾਂ ਵਿਚਕਾਰ ਹੋਈ ਸੀ। ਇਸ ਜੰਗ ਵਿੱਚ ਚੀਨ ਦੇ ਸੈਨਿਕ ਮਿੱਤਰ ਦੇਸ਼ਾਂ (ਬ੍ਰਿਟੇਨ, ਫਰਾਂਸ) ਵੱਲੋਂ ਲੜਾਈ ਵਿੱਚ ਸ਼ਾਮਲ ਹੋਏ ਸਨ ਜਿਸ ਕਰਕੇ ਚੀਨੀਆਂ ਨੂੰ ਆਸ ਸੀ ਜੰਗ ਦੇ ਖਾਤਮੇ ਬਾਅਦ ਜਰਮਨਾਂ ਦੇ ਕਬਜੇ ਹੇਠ ਰਹੇ ਚੀਨੀ ਇਲਾਕੇ ਚੀਨ ਨੂੰ ਵਾਪਸ ਮੋੜ ਦਿੱਤੇ ਜਾਣਗੇ। ਪਰ ਸੰਧੀ ਵਿੱਚ ਉਹ ਇਲਾਕੇ ਚੀਨ ਨੂੰ ਦੇਣ ਦੀ ਬਜਾਏ ਜਾਪਾਨ ਦੇ ਹਵਾਲੇ ਕਰ ਦਿੱਤੇ ਗਏ। ਜਾਪਾਨ ਪਹਿਲਾਂ ਹੀ ਚੀਨ ਦੇ ਹੋਰ ਇਲਾਕਿਆਂ ਉੱਤੇ ਅੱਖ ਰੱਖੀ ਬੈਠਾ ਸੀ। ਇਸ ਤੋਂ ਚੀਨ ਵਿੱਚ ਗੁੱਸਾ ਭੜਕ ਉਠਿਆ, 4 ਮਈ ਨੂੰ ਬੀਜ਼ਿੰਗ ਯੂਨੀਵਰਸਿਟੀ ਦੇ ਹਜਾਰਾਂ ਮਾਓ ਜ਼ੇ-ਤੁੰਗ /40