ਪੰਨਾ:ਮਾਓ ਜ਼ੇ-ਤੁੰਗ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੇਰਾ ਨਾਨਕਾ ਪਰਿਵਾਰ ਰਹਿੰਦਾ ਸੀ। ਮੇਰੇ ਮਾਮੇ ਦਾ ਮੁੰਡਾ ਉਥੇ ਪੜ੍ਹਦਾ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਉਥੇ ਸਨਾਤਨੀ ਲਿਖਤਾਂ ਦੀ ਬਜਾਏ ਆਧੁਨਿਕ ਗਿਆਨ ਦੀ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਪੜ੍ਹਾਈ ਵੀ ਨਵੇਂ ਢੰਗਾਂ ਨਾਲ ਹੁੰਦੀ ਹੈ। ਮੇਰੇ ਪਿਤਾ ਨੂੰ ਮੇਰੇ ਦੋਸਤਾਂ ਨੇ ਕਿਹਾ ਕਿ ਉਥੇ ਬਹੁਤ ਉੱਚੀ ਪੜ੍ਹਾਈ ਹੁੰਦੀ ਹੈ ਜਿਸ ਨਾਲ ਮੈਂ ਤਕੜੀ ਕਮਾਈ ਕਰਨ ਵਾਲਾ ਨੌਜਵਾਨ ਬਣ ਜਾਵਾਂਗਾ। ਕਮਾਈ ਵਾਲੀ ਗੱਲ ਸੁਣ ਕੇ ਮੇਰਾ ਪਿਤਾ ਮੇਰੇ ਉਥੇ ਦਾਖਲੇ ਨਾਲ ਸਹਿਮਤ ਹੋ ਗਿਆ ਅਤੇ ਮੈਂ ਨਵੇਂ ਸਕੂਲ ਵਿੱਚ ਫੀਸ ਭਰ ਦਿੱਤੀ। ਉਸ ਸਮੇਂ ਮੇਰੀ ਉਮਰ 16 ਸਾਲ ਦੀ ਸੀ ਅਤੇ ਮੈਂ ਪਹਿਲੀ ਵਾਰ ਘਰ ਤੋਂ ਐਨੀ ਦੂਰ ਰਹਿਣ ਲੱਗਾ ਸੀ। ਇਸ ਨਵੇਂ ਸਕੂਲ ਵਿੱਚ ਮੈਂ ਵਿਗਿਆਨ ਅਤੇ ਪੱਛਮੀ ਗਿਆਨ ਦੇ ਹੋਰ ਵਿਸ਼ੇ ਪੜ੍ਹ ਸਕਿਆ। ਮੈਂ ਪਹਿਲਾਂ ਕਦੇ ਐਨੇ ਬੱਚੇ ਇਕੱਠੇ ਨਹੀਂ ਦੇਖੇ ਸਨ। ਉਨ੍ਹਾਂ ਵਿਚੋਂ ਬਹੁਤੇ ਜਾਗੀਰਦਾਰਾਂ ਦੇ ਮੁੰਡੇ ਸਨ ਜਿਨ੍ਹਾਂ ਦੇ ਮਹਿੰਗੇ ਮਹਿੰਗੇ ਕੱਪੜੇ ਪਾਏ ਹੁੰਦੇ ਸਨ। ਮੇਰੇ ਦੂਜਿਆਂ ਨਾਲੋਂ ਮਾੜੇ ਕੱਪੜੇ ਪਾਏ ਹੁੰਦੇ ਸਨ, ਮੇਰੇ ਕੋਲ ਤਾਂ ਇੱਕ ਹੀ ਸੂਟ ਚੱਜ ਦਾ ਸੀ। ਮੇਰੇ ਰੱਦੀ ਕੱਪੜਿਆਂ ਕਰਕੇ ਅਮੀਰ ਵਿਦਿਆਰਥੀਆਂ ਵਿਚੋਂ ਕਾਫੀ ਸਾਰੇ ਮੇਰੇ ਨਾਲ ਘ੍ਰਿਣਾ ਕਰਦੇ ਸਨ, ਪਰ ਫੇਰ ਵੀ ਉਨ੍ਹਾਂ ਵਿਚ ਮੇਰੇ ਕਾਫੀ ਦੋਸਤ ਵੀ ਸਨ। ਮੈਨੂੰ ਨਾਪਸੰਦ ਕਰਨ ਦਾ ਇੱਕ ਕਾਰਣ ਇਹ ਵੀ ਸੀ ਕਿ ਮੈਂ ਉਸ ਇਲਾਕੇ ਦਾ ਨਹੀਂ ਸੀ। ਖੈਰ ਇਥੇ ਮੈਂ ਬਹੁਤ ਕੁਝ ਨਵਾਂ ਪੜ੍ਹਿਆ, ਬਹੁਤ ਕੁਝ ਨਵਾਂ ਸਿੱਖਿਆ। ਕਾਂਗ ਯੂ ਵੇਈ ਦੀ ਸੁਧਾਰਕ ਲਹਿਰ ਬਾਰੇ ਮੇਰੇ ਮਮੇਰੇ ਭਰਾ ਦੁਆਰਾ ਭੇਜੀਆਂ ਦੋ ਕਿਤਾਬਾਂ ਤਾਂ ਮੈਂ ਵਾਰ ਵਾਰ ਪੜ੍ਹ ਕੇ ਯਾਦ ਹੀ ਕਰ ਲਈਆਂ। ਮੈਂ ਆਪਣੇ ਭਰਾ ਦਾ ਬਹੁਤ ਧੰਨਵਾਦੀ ਹੋਇਆ ਕਿ ਉਸ ਨੇ ਮੈਨੂੰ ਇਹ ਕਿਤਾਬਾਂ ਪੜ੍ਹਨ ਲਈ ਦਿੱਤੀਆਂ। ਮੈਂ ਉਸ ਸਮੇਂ ਤੀਕ ਅਜੇ ਬਾਦਸ਼ਾਹਤ ਵਿਰੋਧੀ ਨਹੀਂ ਹੋਇਆ ਸੀ। ਮੈਂ ਬਾਦਸ਼ਾਹ ਅਤੇ ਉਸ ਦੇ ਅਧਿਕਾਰੀਆਂ ਨੂੰ ਚੰਗੇ ਬੰਦੇ ਸਮਝਦਾ ਸੀ ਜਿਨ੍ਹਾਂ ਨੂੰ ਬੱਸ ਕਾਂਗ ਯੂ-ਵੇਈ ਵਾਲੇ ਸੁਧਾਰਾਂ ਨੂੰ ਲਾਗੂ ਕਰਨ ਦੀ ਲੋੜ ਹੈ। ਮੈਂ ਪ੍ਰਾਚੀਨ ਚੀਨ ਦੇ ਬਾਦਸ਼ਾਹਾਂ ਦੀਆਂ ਕਹਾਣੀਆਂ ਤੋਂ ਵੀ ਬਹੁਤ ਪ੍ਰਭਾਵਿਤ ਹੋਇਆ ਅਤੇ ਉਨ੍ਹਾਂ ਬਾਰੇ ਬਹੁਤ ਸਾਰੀਆਂ ਪੁਸਤਕਾਂ ਪੜ੍ਹੀਆਂ। ਇਥੇ ਮੈਂ ਦੂਜੇ ਦੇਸ਼ਾਂ ਦੇ ਇਤਿਹਾਸ ਅਤੇ ਭੂਗੋਲ ਬਾਰੇ ਵੀ ਕੁਝ ਜਾਣਿਆ। ਇਥੇ ਹੀ ਮੈਂ ਇੱਕ ਆਰਟੀਕਲ ਵਿੱਚ ਅਮਰੀਕਾ ਬਾਰੇ ਪਹਿਲੀ ਵਾਰ ਸੁਣਿਆ। ‘ਇਤਿਹਾਸ ਦੇ ਮਹਾਂ-ਨਾਇਕ' ਨਾਮ ਦੀ ਪੁਸਤਕ ਵਿੱਚੋਂ ਮੈਂ ਨੈਪੋਲੀਅਨ, ਰੂਸ ਦੀ ਕੈਥਰੀਨ, ਪੀਟਰ ਮਹਾਨ, ਵਲਿੰਗਟਨ, ਗਲੈਡਸਟੋਨ ਅਤੇ ਲਿੰਕਨ ਬਾਰੇ ਪੜ੍ਹਿਆ।

ਮਾਓ ਜ਼ੇ-ਤੁੰਗ /25