ਪੰਨਾ:ਮਾਓ ਜ਼ੇ-ਤੁੰਗ.pdf/16

ਇਹ ਸਫ਼ਾ ਪ੍ਰਮਾਣਿਤ ਹੈ

ਆਦਮੀ ਵੇਖੇ ਜੋ ਇਸ ਕਰਕੇ ਮਰ ਰਹੇ ਸਨ ਕਿ ਉਨ੍ਹਾਂ ਕੋਲ ਖਾਣ ਲਈ ਕੁਝ ਨਹੀਂ ਸੀ। ਉਨ੍ਹਾਂ ਡਰਾਵਣੇ ਦਿਨਾਂ ਵਿੱਚ ਮੈਂ ਸੇਆਨ ਵਿੱਚ ਆਪਣੀਆਂ ਅੱਖਾਂ ਨਾਲ ਹਜਾਰਾਂ ਆਦਮੀ, ਔਰਤਾਂ ਅਤੇ ਬੱਚੇ ਭੁੱਖ ਨਾਲ ਮਰਦੇ ਤੱਕੇ। ਉਹ ਇਸ ਬਾਰੇ ਭਾਵੁਕ ਹੋਇਆ ਕਹਿੰਦਾ ਹੈ-

ਕੀ ਤੁਸੀਂ ਕਦੇ ਅਜਿਹੇ ਆਦਮੀ ਨੂੰ ਦੇਖਿਆ ਹੈ -ਇੱਕ ਚੰਗਾ ਇਮਾਨਦਾਰ ਆਦਮੀ ਜੋ ਸਖਤ ਮਿਹਨਤ ਕਰਦਾ ਰਿਹਾ ਹੋਵੇ, ਕਨੂੰਨ ਨੂੰ ਮੰਨਣ ਵਾਲਾ, ਕਦੇ ਕਿਸੇ ਨੂੰ ਦੁੱਖ ਨਾ ਪਹੁੰਚਾਉਣ ਵਾਲਾ- ਜਦ ਉਸ ਨੂੰ ਇੱਕ ਮਹੀਨੇ ਤੋਂ ਕੁਝ ਵੀ ਖਾਣ ਨੂੰ ਨਾ ਮਿਲਿਆ ਹੋਵੇ? ਇਹ ਸਭ ਤੋਂ ਦੁਖਦਾਈ ਦ੍ਰਿਸ਼ ਹੁੰਦਾ ਹੈ। ਉਸ ਦਾ ਮਰ ਰਿਹਾ ਮਾਸ ਝੁਰੜੀਆਂ ਬਣ ਕੇ ਲਟਕ ਰਿਹਾ ਹੁੰਦਾ ਹੈ ; ਤੁਸੀਂ ਉਸ ਦੀ ਹਰ ਹੱਡੀ ਸਾਫ ਦੇਖ ਸਕਦੇ ਹੋ ; ਉਸ ਦੀਆਂ ਅੱਖਾਂ ਬਿਨਾਂ ਕੁਝ ਦੇਖਦੇ ਹੋਏ ਖਲਾਅ ਵੱਲ ਝਾਕ ਰਹੀਆਂ ਹੁੰਦੀਆਂ ਹਨ : ਅਤੇ ਚਾਹੇ ਉਹ ਵੀਹ ਸਾਲਾਂ ਦਾ ਜਵਾਨ ਵੀ ਹੋਵੇ ਉਹ ਆਪਣੇ ਸਰੀਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਕਿਸੇ ਅਤੀ ਬੁੱਢੀ ਔਰਤ ਵਾਂਗ ਧੂੰਹਦਾ ਲਿਜਾ ਰਿਹਾ ਹੁੰਦਾ ਹੈ। ਜੇ ਉਹ ਚੰਗਾ ਕਿਸਮਤ ਵਾਲਾ ਹੋਇਆ ਤਾਂ ਉਹ ਆਪਣੀ ਪਤਨੀ ਅਤੇ ਧੀਆਂ ਪਹਿਲਾਂ ਹੀ ਵੇਚ ਚੁੱਕਾ ਹੋਵੇਗਾ (ਨਹੀਂ ਤਾਂ ਉਹ ਵੀ ਉਸ ਦੇ ਸਾਹਮਣੇ ਮਰ ਰਹੀਆਂ ਹੁੰਦੀਆਂ) ਉਹ ਆਪਣਾ ਸਭ ਕੁਝ ਵੇਚ ਚੁੱਕਾ ਹੋਵੇਗਾ - ਘਰ ਦੀ ਹਰ ਲੱਕੜੀ, ਆਪਣੇ ਸਾਰੇ ਕੱਪੜੇ ; ਇਥੋਂ ਤੱਕ ਉਸ ਕੋਲ ਆਪਣਾ ਨੰਗ ਢਕਣ ਲਈ ਵੀ ਕੁਝ ਨਹੀਂ ਹੋਵੇਗਾ।

ਬੱਚਿਆਂ ਦਾ ਦ੍ਰਿਸ਼ ਤਾਂ ਹੋਰ ਵੀ ਤਰਸਯੋਗ ਹੁੰਦਾ ਹੈ। ਉਨ੍ਹਾਂ ਦੇ ਛੋਟੇ ਜਿਹੇ ਸਰੀਰ ਝੁਕੇ ਹੋਏ, ਹੱਡੀਆਂ ਮੁੜੀਆਂ ਹੋਈਆਂ, ਬਾਹਵਾਂ ਸੁੱਕੀਆਂ ਟਾਹਣੀਆਂ ਵਾਂਗ, ਨੀਲੇ ਹੋਏ ਪੇਟ ਮਿੱਟੀ ਅਤੇ ਲੱਕੜ ਦੇ ਬੂਰੇ ਨਾਲ ਭਰ ਕੇ ਬਾਹਰ ਉਭਰੇ ਹੋਏ। ਇਵੇਂ ਖੂੰਜਿਆਂ ਵਿੱਚ ਡਿੱਗੀਆਂ ਪਈਆਂ ਮੌਤ ਦੀ ਉਡੀਕ ਕਰ ਰਹੀਆਂ ਔਰਤਾਂ .....ਪਰ ਉਹ ਬਹੁਤ ਥੋੜ੍ਹੀਆਂ ਸਨ, ਬਹੁਤੀਆਂ ਪਹਿਲਾਂ ਹੀ ਮਰ ਚੁੱਕੀਆਂ ਸਨ ਜਾਂ ਵੇਚ ਦਿੱਤੀਆਂ ਗਈਆਂ ਸਨ।

ਇਹ ਕੁਝ ਮੈਂ ਆਪਣੀਆਂ ਅੱਖਾਂ ਨਾਲ ਦੇਖਿਆ ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਾਂਗਾ। ਲੱਖਾਂ ਲੋਕ ਇਸ ਤਰ੍ਹਾਂ ਮਰ ਚੁੱਕੇ ਸਨ ਅਤੇ ਹਜਾਰਾਂ ਹੋਰ ਮਰ ਰਹੇ ਸਨ। ਪਰ ਇਹ ਸਭ ਤੋਂ ਸਦਮਾ-ਜਨਕ ਚੀਜ ਨਹੀਂ ਸੀ। ਸਦਮਾ-ਜਨਕ ਗੱਲ ਇਹ ਸੀ ਕਿ ਇਨ੍ਹਾਂ ਹੀ ਸ਼ਹਿਰਾਂ ਵਿੱਚ ਅਜੇ ਵੀ ਅਮੀਰ ਲੋਕ ਸਨ, ਚੌਲਾਂ ਦੀ ਜਮਾਖੋਰੀ ਕਰਨ ਵਾਲੇ, ਕਣਕ ਦੀ ਜਮਾਖੋਰੀ ਕਰਨ ਵਾਲੇ, ਵਿਆਜ 'ਤੇ ਪੈਸੇ ਦੇਣ ਵਾਲੇ ਅਤੇ ਜਾਗੀਰਦਾਰ, ਜਿਨ੍ਹਾਂ ਦੀ ਹਥਿਆਰਬੰਦ ਰਾਖੇ ਰੱਖਿਆ ਕਰ ਰਹੇ ਸਨ, ਜਦ ਕਿ ਉਹ ਖ਼ੁਦ ਮੋਟੇ ਮੁਨਾਫ਼ੇ ਕਮਾ ਰਹੇ ਸਨ। ਦਿਲ-ਕੰਬਾਊ ਗੱਲ ਇਹ ਸੀ ਕਿ ਸ਼ਹਿਰਾਂ ਵਿੱਚ ਅਫਸਰ ਲੋਕ ਨਾਚਾਰ ਕੁੜੀਆਂ ਨਾਲ ਡਾਂਸ ਕਰ ਰਹੇ ਸਨ, ਉਥੇ ਕਈ ਮਹੀਨਿਆਂ

ਮਾਓ ਜ਼ੇ-ਤੁੰਗ /16