ਪੰਨਾ:ਮਾਓ ਜ਼ੇ-ਤੁੰਗ.pdf/115

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜੀਵਨ ਦੇ ਆਖਰੀ ਸਾਲ ਮਾਓ ਚਾਹੇ ਸਰੀਰਕ ਪੱਖੋਂ ਬਹੁਤ ਮਜਬੂਤ ਸੀ ਅਤੇ 1966 ਵਿੱਚ ਉਸ ਨੇ 72 ਸਾਲ ਦੀ ਉਮਰ ਵਿੱਚ ਯਾਂਗਸੀ ਦਰਿਆ ਤੈਰ ਕੇ ਪਾਰ ਕੀਤਾ ਸੀ, ਪਰ ਆਖਰ ਵਧਦੀ ਉਮਰ ਨੇ ਉਸ ਦੀ ਸਿਹਤ ਉੱਤੇ ਅਸਰ ਪਾਉਣਾ ਸ਼ੁਰੂ ਕਰ ਦਿੱਤਾ। ਦੂਜਾ ਉਹ ਵੀ ਸਾਡੇ ਪੁਰਾਣੇ ਬੁੜ੍ਹਿਆਂ ਵਾਂਗ ਡਾਕਟਰਾਂ ਤੋਂ ਦਵਾਈ ਬੂਟੀ ਲੈਣ ਵਿੱਚ ਘੱਟ ਹੀ ਵਿਸ਼ਵਾਸ ਰਖਦਾ ਸੀ। 1969-70 ਦੀ ਸਰਦ ਰੁੱਤ ਵਿੱਚ ਆਮ ਨਾਲੋਂ ਜਿਆਦਾ ਠੰਢ ਪਈ ਪਰ ਮਾਓ ਨੇ ਆਪਣੇ ਕਮਰੇ ਵਿੱਚ ਹੀਟਰ ਲੁਆਉਣ ਤੋਂ ਇਨਕਾਰ ਕਰ ਦਿੱਤਾ। ਉਸ ਦਾ ਖਿਆਲ ਸੀ ਕਿ ਵੱਧ ਕਸਰਤ ਕਰ ਕੇ ਇਸ ਦਾ ਮੁਕਾਬਲਾ ਕਰਦਾ ਰਹੇਗਾ। ਪਰ ਵੱਡੀ ਉਮਰ ਕਾਰਣ ਠੰਢ ਲੱਗ ਗਈ, ਕੁਝ ਫੇਫੜੇ ਪਹਿਲਾਂ ਵੀ ਕਮਜੋਰ ਹੋ ਚੁੱਕੇ ਸਨ ਅਤੇ ਦਮੇ ਦੀ ਸਮੱਸਿਆ ਹੋਣ ਲੱਗੀ ਸੀ, ਹੁਣ ਨਾਲ ਨਮੂਨੀਆ ਵੀ ਹੋ ਗਿਆ। ਇਲਾਜ ਨੇ ਠੀਕ ਤਾਂ ਕਰ ਦਿੱਤਾ ਪਰ ਸਿਹਤ ਕਾਫੀ ਕਮਜ਼ੋਰ ਹੋ ਗਈ। ਬਿਮਾਰ ਹਾਲਤ ਵਿੱਚ ਵੀ ਉਹ ਪਾਰਟੀ ਦੀਆਂ ਸਰਗਰਮੀਆਂ ਵਿੱਚ ਉਸੇ ਤਰ੍ਹਾਂ ਭਾਗ ਲੈਂਦਾ ਰਿਹਾ। ਅਗਲੇ ਸਾਲ ਲਿਨ ਪਿਆਓ ਨਾਲ ਭੇੜ ਦੌਰਾਨ ਫਿਰ ਕਾਫੀ ਸੰਘਰਸ਼ਸ਼ੀਲ ਰਹਿਣਾ ਪਿਆ, ਵੱਡਾ ਮਸਲਾ ਸੀ ਸੋ ਮਾਨਸਿਕ ਤਨਾਓ ਵੀ ਹੁੰਦਾ ਹੀ ਹੈ, ਇਸ ਉਮਰ ਵਿੱਚ ਜਿੰਨਾ ਆਰਾਮ ਚਾਹੀਦਾ ਹੈ ਉਹ ਵੀ ਨਹੀਂ ਮਿਲ ਰਿਹਾ ਸੀ। ਇਸ ਸਭ ਕਾਸੇ ਦੇ ਸਿੱਟੇ ਵਜੋਂ ਸਿਹਤ ਵਿਗੜਣ ਲੱਗੀ। 1971 ਦੇ ਅੰਤ ਵਿੱਚ ਫਿਰ ਫੇਫੜਿਆਂ ਦੀ ਇਨਫੈਕਸ਼ਨ ਹੋ ਗਈ ਅਤੇ ਦਿਲ ਵੀ ਘੱਟ ਕੰਮ ਕਰਨ ਦੇ ਸੰਕੇਤ ਦੇ ਰਿਹਾ ਸੀ। ਮਾਓ ਨੇ ਦਵਾਈ ਲੈਣ ਤੋਂ ਫਿਰ ਘੌਲ ਕਰੀ ਰੱਖੀ ਪਰ 21 ਫਰਵਰੀ ਨੂੰ ਅਮਰੀਕੀ ਰਾਸ਼ਟਰਪਤੀ ਨਿਕਸਨ ਨੇ ਚੀਨ ਦੇ ਦੌਰੇ ’ਤੇ ਆਉਣਾ ਸੀ ਜੋ ਕਿ ਇੱਕ ਬਹੁਤ ਹੀ ਵੱਡਾ ਇਤਿਹਾਸਕ ਮੌਕਾ ਸੀ। ਉਸ ਦਿਨ ਤੱਕ ਠੀਕ ਹੋਣਾ ਜਰੂਰੀ ਸੀ ਇਸ ਲਈ ਦਵਾਈ ਲੈਣ ਲਈ ਸਹਿਮਤ ਹੋਣਾ ਪਿਆ। 1973 ਤੋਂ ਬਾਅਦ ਸਿਹਤ ਜਿਆਦਾ ਖਰਾਬ ਹੋਣ ਲੱਗੀ, ਸਾਹ ਔਖਾ ਰਹਿੰਦਾ ਸੀ, ਬੋਲਣ ਵਿੱਚ ਦਿੱਕਤ ਆਉਂਦੀ ਸੀ, ਨਿਗ੍ਹਾ ਕਮਜੋਰ ਹੋ ਗਈ ਸੀ, ਪਾਰਕਿੰਨਸਨ ਬਿਮਾਰੀ ਕਾਰਣ ਮਾਸਪੇਸ਼ੀਆਂ ਉੱਤੇ ਕੰਟਰੋਲ ਘਟ ਰਿਹਾ ਸੀ। ਪੜ੍ਹਣਾ ਮੁਸ਼ਕਿਲ ਹੋ ਜਾਣ ਕਾਰਣ ਮਾਓ ਹੁਣ ਫਿਲਮਾਂ ਦੇਖਣ ਨੂੰ ਕਾਫੀ ਸਮਾਂ ਦੇਣ ਲੱਗ ਮਾਓ ਜ਼ੇ-ਤੁੰਗ /115