ਪੰਨਾ:ਮਾਓ ਜ਼ੇ-ਤੁੰਗ.pdf/108

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਾ ਹੋਈ। ਇਸ ਤੋਂ ਇਲਾਵਾ 1966 ਵਿੱਚ ਇਨ੍ਹਾਂ ਵਿੱਚ ਦਾਖਲੇ ਦੇ ਇਮਤਿਹਾਨ ਬੰਦ ਕਰ ਦਿੱਤੇ ਗਏ ਸਨ ਅਤੇ ਕਾਲਜ ਖੁੱਲ੍ਹਣ ਬਾਅਦ ਇਨ੍ਹਾਂ ਵਿੱਚ ਵਿਦਿਆਰਥੀਆਂ ਦਾਖਲਾ ਕਾਰਖਾਨਿਆਂ, ਕਿਸਾਨਾਂ ਅਤੇ ਫੌਜੀਆਂ ਦੀਆਂ ਜਥੇਬੰਦੀਆਂ ਵੱਲੋਂ ਸਿਫਾਰਸ਼ ਕੀਤੀਆਂ ਜਾਂਦੀਆਂ ਸੂਚੀਆਂ ਅਨੁਸਾਰ ਹੀ ਹੁੰਦਾ ਸੀ। ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਢੰਗ ਨਾਲ ਯੋਗ ਅਤੇ ਬੁੱਧੀਮਾਨ ਵਿਦਿਆਰਥੀ ਕਿੰਨੇ ਕੁ ਆਉਂਦੇ ਹੋਣਗੇ। ਦਾਖਲਾ ਟੈਸਟ 1977 ਵਿੱਚ ਦੁਬਾਰਾ ਸ਼ੁਰੂ ਕੀਤਾ ਗਿਆ। ਇਸ ਤਰ੍ਹਾਂ ਇੱਕ ਦਹਾਕਾ ਬਹੁਤ ਸਾਰੇ ਬੌਧਿਕ ਤੌਰ 'ਤੇ ਕਾਬਲ ਨੌਜਵਾਨ ਉੱਚ ਸਿੱਖਿਆ ਲੈਣ ਤੋਂ ਵਾਂਝੇ ਰਹਿ ਗਏ ਜਿਸ ਨੂੰ ਪੱਛਮ ਵਿੱਚ (ਅਤੇ ਮੌਜੂਦਾ ਚੀਨ ਵਿੱਚ ਵੀ) ਗੁਆਚੀ ਪੀੜ੍ਹੀ (Lost Generation) ਕਿਹਾ ਜਾਂਦਾ ਹੈ। ਬਹੁਤ ਸਾਰੇ ਮਾਹਿਰ ਪ੍ਰੋਫੈਸਰ, ਵਿਗਿਆਨੀ ਅਤੇ ਸਿੱਖਿਆ ਸ਼ਾਸ਼ਤਰੀ ਸਭਿਆਚਾਰਕ ਇਨਕਲਾਬ ਦੇ ਰੈੱਡ ਗਾਰਡਾਂ ਦੇ ਅੜਿੱਕੇ ਚੜ੍ਹ ਗਏ ਜਿਨ੍ਹਾਂ ਵਿਚੋਂ ਬਹੁਤ ਸਾਰੇ ਸਰੀਰਕ ਮੁਸ਼ੱਕਤ ਕਰਨ ਵਾਸਤੇ ਅਣਜਾਣੀਆਂ ਥਾਵਾਂ ’ਤੇ ਘੱਲ ਦਿੱਤੇ ਗਏ, ਕੁਝ ਬੇਇਜ਼ਤੀ ਦੇ ਦੁੱਖ ਨਾਲ ਆਤਮ ਹੱਤਿਆ ਕਰ ਗਏ ਅਤੇ ਕੁਝ ਹਿੰਸਕ ਵਿਰੋਧ ਵਿੱਚ ਮਾਰੇ ਵੀ ਗਏ। ਪਰ ਇਸ ਦੇ ਉਲਟ, ਸਭਿਆਚਾਰਕ ਇਨਕਲਾਬ ਦੌਰਾਨ, ਪੇਂਡੂ ਖੇਤਰ ਵਿੱਚ ਬੁਨਿਆਦੀ ਸਿੱਖਿਆ ਨੂੰ ਬਹੁਤ ਬੜ੍ਹਾਵਾ ਮਿਲਿਆ। ਬੁਨਿਆਦੀ ਸਿੱਖਿਆ ਹਾਸਲ ਕਰਨ ਵਾਲੇ ਬੱਚਿਆਂ ਦੀ ਗਿਣਤੀ, ਜੋ ਪੇਂਡੂ ਖੇਤਰ ਵਿੱਚ ਪਹਿਲਾਂ 50 ਕੁ ਪ੍ਰਤੀਸ਼ਤ ਹੀ ਸੀ, ਸਭਿਆਚਾਰਕ ਇਨਕਲਾਬ ਦੌਰਾਨ ਲਗਪੱਗ ਸੌ ਪ੍ਰਤੀਸ਼ਤ ਹੋ ਗਈ। ਇਸੇ ਤਰ੍ਹਾਂ ਮਿਡਲ ਸਕੂਲ ਦੀ ਪੜ੍ਹਾਈ ਪੂਰੀ ਕਰਨ ਵਾਲਿਆਂ ਦੀ ਪ੍ਰਤੀਸ਼ਤ 15 ਤੋਂ ਵਧ ਕੇ 65% ਹੋ ਗਈ। ਇਸੇ ਤਰ੍ਹਾਂ ਸਭਿਆਚਾਰਕ ਇਨਕਲਾਬ ਦੌਰਾਨ ਬਹੁਤ ਸਾਰੇ ਵਿਅਕਤੀਆਂ ਨੂੰ ਸਾਧਾਰਣ ਬਿਮਾਰੀਆਂ ਦੇ ਇਲਾਜ ਬਾਰੇ ਮੁਢਲੀ ਜਾਣਕਾਰੀ ਦੇ ਕੇ ਪੇਂਡੂ ਖੇਤਰ ਵਿੱਚ ਭੇਜਿਆ ਗਿਆ, ਜਿਨ੍ਹਾਂ ਨੂੰ ‘ਨੰਗੇ ਪੈਰਾਂ ਵਾਲੇ ਡਾਕਟਰ ਕਿਹਾ ਗਿਆ। ਇਸ ਨਾਲ ਆਮ ਲੋਕਾਂ ਨੂੰ ਇਲਾਜ ਅਤੇ ਮੁਢਲੀਆਂ ਸਿਹਤ ਸਹੂਲਤਾਂ ਮਿਲਣ ਲੱਗੀਆਂ ਅਤੇ ਔਸਤ ਉਮਰ ਵਿੱਚ ਵੱਡਾ ਵਾਧਾ ਹੋਇਆ। ਜਿਸ ਤਰ੍ਹਾਂ ਪਹਿਲਾਂ ਜ਼ਿਕਰ ਆਇਆ ਹੈ ਸਭਿਆਚਾਰਕ ਇਨਕਲਾਬ ਨੇ ਰਾਜਨੀਤੀ ਤੋਂ ਆਰਥਿਕਤਾ ਤੱਕ ਜੀਵਨ ਦੇ ਸਾਰੇ ਪੱਖਾਂ ਨੂੰ ਕਲਾਵੇ ਵਿੱਚ ਲਿਆ ਸੀ ਪਰ ਜੇ ਨਿਰੋਲ ਸਭਿਆਚਾਰਕ ਤੱਤਾਂ ਦੀ ਗੱਲ ਕੀਤੀ ਜਾਵੇ ਜਿਵੇਂ ਕਲਾ, ਸਾਹਿਤ, ਨਾਟਕ, ਫਿਲਮਾਂ ਆਦਿ ਤਾਂ ਕਿਹਾ ਜਾ ਸਕਦਾ ਹੈ ਕਿ ਇਨ੍ਹਾਂ ਨੂੰ ਜੀਵਨ ਦੇ ਵੱਖ ਵੱਖ ਪੱਖਾਂ ਦੇ ਸਿਰਜਣਾਤਮਿਕ ਪ੍ਰਗਟਾਵੇ ਦੀ ਥਾਂ ਕੁਝ ਵਿਸ਼ੇਸ਼ ਸਮਾਜਿਕ ਰਾਜਨੀਤਕ ਉਦੇਸ਼ਾਂ ਦੀ ਪੂਰਤੀ ਦਾ ਸਾਧਨ ਬਣਾ ਦਿੱਤਾ ਗਿਆ। ਇਸ ਖੇਤਰ ਦੀ ਕਮਾਂਡ ਪੂਰੀ ਤਰ੍ਹਾਂ ਮੈਡਮ ਚਿਆਂਗ ਦੇ ਹੱਥ ਵਿੱਚ ਸੀ। ਉਸ ਵੱਲੋਂ ਉਪੇਰਿਆਂ ਅਤੇ ਨਾਟਕਾਂ ਲਈ ਮਾਓ ਜ਼ੇ-ਤੁੰਗ /108