ਪੰਨਾ:ਮਾਓ ਜ਼ੇ-ਤੁੰਗ.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਰੁੱਪ ਨੇ ਵਿਦੇਸ਼ੀ ਦੂਤਾਂਵਾਸਾਂ ਉੱਤੇ ਵੀ ਹਮਲੇ ਸ਼ੁਰੂ ਕਰ ਦਿੱਤੇ। ਬਰਤਾਨੀਆ ਦੇ ਦੂਤਾਵਾਸ ਨੂੰ ਅੱਗ ਲਾ ਦਿੱਤੀ ਗਈ ਅਤੇ ਉਸ ਦੇ ਅਮਲੇ ਨੂੰ ਬੜੀ ਮੁਸ਼ਕਿਲ ਨਾਲ ਬਚਾਇਆ ਜਾ ਸਕਿਆ। ਇਨ੍ਹਾਂ ਘਟਨਾਵਾਂ ਨਾਲ ਸਾਰੀ ਦੁਨੀਆਂ ਵਿੱਚ ਚੀਨ ਦਾ ਅਕਸ ਖਰਾਬ ਹੋਣ ਲੱਗਾ। ਸਭਿਆਚਾਰਕ ਇਨਕਲਾਬ ਦੇ ਇਹ ਲਾਲ ਰਾਖੇ ਜਿਸ ਨੂੰ ਦਿਲ ਕਰਦਾ ਸੋਧਵਾਦੀ ਕਹਿ ਕੇ ਚੁੱਕ ਲੈਂਦੇ, ਕੁੱਟਮਾਰ ਕਰਕੇ ਉਨਾਂ ਦੇ ਕਥਿਤ ਜੁਰਮ ਦਾ ਇਕਬਾਲ ਕਰਵਾਉਂਦੇ ਅਤੇ ਸਜਾਵਾਂ ਸੁਣਾਉਂਦੇ। ਗੈਂਗ ਜ਼ਿਆਓ ਪਿੰਗ ਦਾ ਮੁੰਡਾ ਗੈਂਗ ਪੁ-ਗੈਂਗ ਅਜਿਹੇ ਵਰਤਾਅ ਦਾ ਸਾਹਮਣਾ ਨਾ ਕਰ ਸਕਿਆ ਤਾਂ ਇੱਕ ਚਾਰ ਮੰਜ਼ਿਲਾ ਇਮਾਰਤ (ਜਿੱਥੇ ਉਸ ਨੂੰ ਘੇਰ ਕੇ ਰੱਖਿਆ ਹੋਇਆ ਸੀ), ਦੀ ਬਾਰੀ ਵਿਚੋਂ ਛਾਲ ਮਾਰ ਗਿਆ ਜਿਸ ਨਾਲ ਉਹ ਉਮਰ ਭਰ ਲਈ ਅਪਾਹਿਜ ਹੋ ਗਿਆ। ਲਿਨ ਪਿਆਓ ਵੱਲੋਂ ਮਾਓ ਦੀਆਂ ਟੂਕਾਂ ਦੀ ‘ਲਾਲ ਕਿਤਾਬ' ਤਿਆਰ ਕੀਤੀ ਗਈ ਸੀ ਅਤੇ ਇਨ੍ਹਾਂ ਵੱਲੋਂ ਸਭਿਆਚਾਰਕ ਇਨਕਲਾਬ ਦੌਰਾਨ ਜੋਰ ਸ਼ੋਰ ਨਾਲ ਇਹ ਪ੍ਰਚਾਰਿਆ ਗਿਆ ਕਿ ਹੋਰ ਕੁਝ ਪੜ੍ਹਨ ਦੀ ਲੋੜ ਨਹੀਂ ਸਿਰਫ ਲਾਲ ਕਿਤਾਬ ਵਿਚਲੀਆਂ ਮਾਓ ਦੀਆਂ ਟੂਕਾਂ ਨੂੰ ਪੜ੍ਹਨਾ, ਯਾਦ ਕਰਨਾ ਅਤੇ ਲਾਗੂ ਕਰਨਾ ਹੀ ਕਾਫੀ ਹੈ। ਦੋ ਸਾਲ ਇਸੇ ਤਰ੍ਹਾਂ ਚਲਦਾ ਰਿਹਾ ਜਿਸ ਨਾਲ ਚੀਨ ਦੀ ਆਰਥਿਕਤਾ ਬੁਰੀ ਤਰ੍ਹਾਂ ਗੜਬੜ੍ਹਾ ਗਈ। 1968 ਦੀਆਂ ਗਰਮੀਆਂ ਵਿੱਚ ਇਸ ਵਧ ਚੁੱਕੀ ਗੜਬੜ੍ਹ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋਈਆਂ। ਫੌਜ ੳਤੋਂ ਰੈੱਡ ਗਾਰਡਜ਼ ਦਾ ਪ੍ਰਭੁਤਵ ਖਤਮ ਕਰ ਦਿੱਤਾ ਗਿਆ ਅਤੇ ਜਿੱਥੇ ਰੈੱਡ ਗਾਰਡਜ਼ ਦੁਆਰਾ ਜਿਆਦਾ ਗੜਬੜ੍ਹ ਕੀਤੀ ਜਾ ਰਹੀ ਸੀ ਉਸ ਨੂੰ ਠੱਲ੍ਹ ਪਾਉਣ ਲਈ ਉਥੇ ਫੌਜ ਦੇ ਯੂਨਿਟ ਭੇਜੇ ਗਏ। ਦੂਸਰੇ ਪਾਸੇ ਸਤੰਬਰ 1968 ਵਿੱਚ ਹੋਈ ਕੇਂਦਰੀ ਕਮੇਟੀ ਦੀ ਮੀਟਿੰਗ ਵਿੱਚ ਲਿਊ ਸ਼ਾਓ ਚੀ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਗਿਆ ਅਤੇ ਮਾਓ ਦੀ ਲਾਈਨ ਦੇ ਹੋਰ ਵਿਰੋਧੀਆਂ ਨੂੰ ਪੇਂਡੂ ਖੇਤਰਾਂ ਵਿੱਚ ਸਰੀਰਕ ਮੁਸ਼ੱਕਤ ਲਈ ਭੇਜ ਦਿੱਤਾ ਗਿਆ। ਇਸ ਦੇ ਨਾਲ ਦਸੰਬਰ 1968 ਵਿੱਚ ‘ਪਿੰਡਾਂ ਨੂੰ ਜਾਣ ਦੀ ਲਹਿਰ' ਸ਼ੁਰੂ ਕਰ ਦਿੱਤੀ ਗਈ ਜਿਸ ਤਹਿਤ ਸ਼ਹਿਰਾਂ ਦੇ ਨੌਜਵਾਨ ਬੁੱਧੀਜੀਵੀਆਂ ਨੂੰ ਪੇਂਡੂ ਖੇਤਰ ਵਿੱਚ ਜਾਣ ਲਈ ਕਿਹਾ ਗਿਆ ਕਿ ਉਹ ਉਥੇ ਜਾ ਕੇ ਕਿਸਾਨਾਂ ਨਾਲ ਸਿੱਖਣ ਸਿਖਾਉਣ ਦੇ ਅਮਲ ਵਿੱਚ ਪੈ ਕੇ ਸਭਿਆਚਾਰਕ ਇਨਕਲਾਬ ਨੂੰ ਅੱਗੇ ਵਧਾਉਣ। (ਇਥੇ ਨੌਜਵਾਨ ਬੁੱਧੀਜੀਵੀਆਂ ਤੋਂ ਭਾਵ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਤੋਂ ਸੀ) ਇਸ ਲਹਿਰ ਦਾ ਲੁਕਵਾਂ ਮਕਸਦ ਨੌਜਵਾਨਾਂ ਨੂੰ ਪਿੰਡਾਂ ਵੱਲ ਭੇਜ ਕੇ ਸ਼ਹਿਰਾਂ ਵਿਚਲੀ ਗੜਬੜ ਨੂੰ ਖਤਮ ਕਰਨਾ ਵੀ ਸੀ। ਅਪ੍ਰੈਲ 1969 ਵਿੱਚ ਪਾਰਟੀ ਦੀ ਨੌਵੀਂ ਕਾਂਗਰਸ ਹੋਈ ਜਿਸ ਵਿੱਚ ਮਾਓਵਾਦ ਨੂੰ ਪਾਰਟੀ ਦੀ ਕੇਂਦਰੀ ਵਿਚਾਰਧਾਰਾ ਵਜੋਂ ਪੂਰੀ ਤਰ੍ਹਾਂ ਸਥਾਪਿਤ ਕੀਤਾ ਗਿਆ। ਮਾਓ ਜ਼ੇ-ਤੁੰਗ /104