ਪੰਨਾ:ਮਾਓ ਜ਼ੇ-ਤੁੰਗ.pdf/101

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਘਰਸ਼ ਕਰ ਕੇ ਉਨ੍ਹਾਂ ਨੂੰ ਕੁਚਲਣਾ, ਸਰਮਾਏਦਾਰੀ ਅਤੇ ਹੋਰ ਲੋਟੂ ਜਮਾਤਾਂ ਦੀ ਵਿਚਾਰਧਾਰਾ ਦੀ ਆਲੋਚਨਾ ਕਰਕੇ ਰੱਦ ਕਰਨਾ ਅਤੇ ਸਿੱਖਿਆ, ਸਾਹਿਤ ਅਤੇ ਉਸਾਰ ਦੇ ਉਨ੍ਹਾਂ ਹੋਰ ਰੂਪਾਂ ਨੂੰ ਬਦਲਣਾ ਹੈ ਜੋ ਸਮਾਜਵਾਦੀ ਆਰਥਿਕ ਆਧਾਰ ਨਾਲ ਮੇਲ ਨਹੀਂ ਖਾਂਦੇ; ਤਾਂ ਜੋ ਸਮਾਜਵਾਦੀ ਪ੍ਰਬੰਧ ਨੂੰ ਵਿਕਸਿਤ ਅਤੇ ਮਜਬੂਤ ਕੀਤਾ ਜਾ ਸਕੇ। ਇਸ ਫੈਸਲੇ ਵਿੱਚ ਦਰਜ 16 ਨੁਕਤਿਆਂ ਦੇ ਵੱਡੇ ਅਸਰ ਪਏ। ਜਿਹੜੀ ਲਹਿਰ ਪਹਿਲਾਂ ਕੇਵਲ ਵਿਦਿਆਰਥੀਆਂ ਦੇ ਇੱਕ ਹਿੱਸੇ ਤੱਕ ਸੀਮਿਤ ਸੀ, ਇਸ ਫੈਸਲੇ ਨੇ ਉਸ ਨੂੰ ਇੱਕ ਦੇਸ਼ ਵਿਆਪੀ ਮੁਹਿੰਮ ਵਿੱਚ ਬਦਲ ਦਿੱਤਾ, ਜਿਸ ਨੇ ਕਾਮਿਆਂ, ਕਿਸਾਨਾਂ, ਫੌਜੀਆਂ ਅਤੇ ਪਾਰਟੀ ਦੇ ਹੇਠਲੇ ਕਾਡਰ ਨੂੰ ਅਧਿਕਾਰਤ ਸੱਤਾ ਕੇਂਦਰਾਂ ਨੂੰ ਚੁਣੌਤੀ ਦੇਣ ਅਤੇ ਸਮਾਜਿਕ ਉਸਾਰ ਨੂੰ ਤਬਦੀਲ ਕਰਨ ਦੇ ਰਾਹ ਪਾ ਦਿੱਤਾ। ਇਸ ਸਭਿਆਚਾਰਕ ਇਨਕਲਾਬ ਨੂੰ ਅਮਲ ਵਿੱਚ ਲਿਆਉਣ ਲਈ ਰੈੱਡ ਗਾਰਡਜ਼ ਦੇ ਰੂਪ ਵਿੱਚ ਲੱਖਾਂ ਕਾਰਕੁੰਨ ਸਰਗਰਮ ਹੋ ਗਏ। 18 ਅਗਸਤ 1966 ਨੂੰ ਬੀਜ਼ਿੰਗ ਦੇ ਮਸ਼ਹੂਰ ਤਿਆਨਮਿਨ ਚੌਂਕ ਵਿੱਚ ਦਸ ਲੱਖ ਰੈੱਡ ਗਾਰਡਜ਼ ਦੀ ਵਿਸ਼ਾਲ ਰੈਲੀ ਹੋਈ ਜਿਸ ਵਿੱਚ ਮਾਓ ਜ਼ੇ-ਤੁੰਗ ਖ਼ੁਦ ਵੀ ਆਪਣੀ ਬਾਂਹ ਉੱਤੇ ਰੈੱਡ ਗਾਰਡਜ਼ ਦੀ ਨਿਸ਼ਾਨੀ, ਲਾਲ ਪੱਟੀ ਬੰਨ੍ਹ ਕੇ ਸ਼ਾਮਲ ਹੋਇਆ। ਅਗਲੇ ਤਿੰਨ ਕੁ ਮਹੀਨਿਆਂ ਦੌਰਾਨ ਅਜਿਹੀਆਂ ਕਈ ਹੋਰ ਵੱਡੀਆਂ ਰੈਲੀਆਂ ਹੋਈਆਂ ਜਿਨ੍ਹਾਂ ਵਿੱਚ ਕੁੱਲ ਮਿਲਾ ਕੇ ਇੱਕ ਕਰੋੜ ਤੋਂ ਉਪਰ ਲੋਕਾਂ ਨੇ ਸਭਿਆਚਾਰਕ ਇਨਕਲਾਬ ਪ੍ਰਤੀ ਸਮਰਥਨ ਜਾਹਰ ਕੀਤਾ। ਇਨ੍ਹਾਂ ਰੈਲੀਆਂ ਵਿੱਚ ਸਟੇਜ ਆਮ ਕਰਕੇ ਲਿਨ ਪਿਆਓ ਦੇ ਹੱਥ ਹੁੰਦੀ ਜੋ ਗਰਜ ਗਰਜ ਕੇ ‘ਚਾਰ ਪੁਰਾਣਿਆਂ’ ਦਾ ਨਾਸ਼ ਕਰਨ ਲਈ ਕਹਿੰਦਾ। ਇਹ ‘ਚਾਰ ਪੁਰਾਣੇ’ ਸਨ - ਪੁਰਾਣਾ ਸਭਿਆਚਾਰ, ਪੁਰਾਣੀਆਂ ਰੀਤਾਂ, ਪੁਰਾਣੀਆਂ ਆਦਤਾਂ ਅਤੇ ਪੁਰਾਣੇ ਵਿਚਾਰ। ਪੁਰਾਣਿਆਂ ਦਾ ਨਾਸ਼ ਕਿਵੇਂ ਕੀਤਾ ਜਾਵੇ ਅਤੇ ਉਨ੍ਹਾਂ ਦੀ ਥਾਂ ਨਵਾਂ ਕੀ ਲਿਆਂਦਾ ਜਾਵੇ ਇਸ ਬਾਰੇ ਸਭਿਆਚਾਰਕ ਇਨਕਲਾਬ ਦੇ ਆਗੂਆਂ ਵੱਲੋਂ ਕੋਈ ਹਦਾਇਤਾਂ ਨਹੀਂ ਸਨ। ਮਾਓ ਦਾ ਕਹਿਣਾ ਸੀ ਕਿ ਇਸ ਬਾਰੇ ਲੋਕ ਖ਼ੁਦ ਹੀ ਤੈਅ ਕਰਨਗੇ, ਉਹ ਲਹਿਰ ਵਿਚੋਂ ਖ਼ੁਦ ਹੀ ਸਿੱਖਣਗੇ। ਪਾਰਟੀ ਦੇ ਆਗੂਆਂ ਦੀ ਅਥਾਰਿਟੀ ਇਹ ਕਹਿ ਕੇ ਪਹਿਲਾਂ ਹੀ ਖਤਮ ਕਰ ਦਿੱਤੀ ਗਈ ਸੀ ਕਿ ਉਹ ਮਜ਼ਦੂਰ ਜਮਾਤ ਦੇ ਨੁਮਾਇੰਦੇ ਨਾ ਰਹਿ ਕੇ ਲੋਕਾਂ ਉੱਤੇ ਹਾਕਮ ਬਣ ਗਏ ਹਨ। ਅਜਿਹੀ ਹਾਲਤ ਵਿੱਚ ਅਰਾਜਕਤਾ ਅਤੇ ਆਪਮੁਹਾਰਤਾ ਫੈਲਣੀ ਸੁਭਾਵਿਕ ਹੀ ਸੀ। ਜਿੱਥੇ ਕੁਝ ਨਾਂਹ-ਪੱਖੀ ਅਤੇ ਪਿਛਾਂਹਖਿੱਚੂ ਰਸਮਾਂ ਰਿਵਾਜਾਂ ਅਤੇ ਸੰਸਥਾਵਾਂ ਉਪਰ ਹੱਲਾ ਬੋਲਿਆ ਗਿਆ ਜੋ ਜਾਇਜ਼ ਸੀ, ਉਥੇ ਦੂਜੇ ਪਾਸੇ ਮਾਓ ਦੀ ਹੱਲਾਸ਼ੇਰੀ ਨਾਲ ਚਾਂਭਲੀ ਮੁੰਡੀਰ ਨੇ ਪੁਰਾਤਨ ਇਤਿਹਾਸਕ ਸਮਾਰਕਾਂ, ਕਲਾਕ੍ਰਿਤਾਂ, ਅਜਾਇਬ ਘਰਾਂ ਵਿੱਚ ਪਈਆਂ ਵਸਤੂਆਂ, - ਮਾਓ ਜ਼ੇ-ਤੁੰਗ /101