ਪੰਨਾ:ਮਾਓ ਜ਼ੇ-ਤੁੰਗ.pdf/10

ਇਹ ਸਫ਼ਾ ਪ੍ਰਮਾਣਿਤ ਹੈ

ਮਾਓ ਜ਼ੇ-ਤੁੰਗ ਦੀ ਜੀਵਨੀ ਦੇ ਸੋਮਿਆਂ ਬਾਰੇ

ਇਸ ਪੁਸਤਕ ਵਿੱਚ ਮਾਓ ਦੇ ਜੀਵਨ ਬਾਰੇ ਲਿਖਦਿਆਂ ਹਵਾਲੇ ਨਹੀਂ ਦਿੱਤੇ ਗਏ ਕਿਉਂਕਿ ਇਹ ਕੋਈ ਖੋਜ ਪੁਸਤਕ ਨਾ ਹੋ ਕੇ ਇਸ ਦਾ ਮਕਸਦ ਮਾਓ ਜ਼ੇ ਤੁੰਗ ਅਤੇ ਚੀਨ ਦੇ ਇਨਕਲਾਬੀ ਇਤਿਹਾਸ ਬਾਰੇ ਆਮ ਪਾਠਕ ਨੂੰ ਜਾਣਕਾਰੀ ਦੇਣਾ ਸੀ। ਫਿਰ ਵੀ ਇਸ ਦੇ ਸੋਮਿਆਂ ਬਾਰੇ ਕੁਝ ਗੱਲ ਕਰਨੀ ਜਰੂਰੀ ਹੈ ਕਿਉਂਕਿ ਪੰਜਾਬੀ ਵਿੱਚ ਸ਼ਾਇਦ ਇਹ ਪਹਿਲੀ ਪੁਸਤਕ ਹੈ ਜਿਸ ਵਿੱਚ ਮਾਓ ਦੇ ਜੀਵਨ ਦੇ ਵੱਖ ਵੱਖ ਪਹਿਲੂਆਂ ਬਾਰੇ ਇਸ ਤਰ੍ਹਾਂ ਦੀ ਜਾਣਕਾਰੀ ਦਿੱਤੀ ਗਈ ਹੈ।

ਇੰਟਰਨੈੱਟ ਉੱਤੇ www.quora.com ਇੱਕ ਵੈਬਸਾਈਟ ਹੈ ਜਿਸ 'ਤੇ ਕੋਈ ਵੀ ਵਿਅਕਤੀ ਕਿਸੇ ਵੀ ਕਿਸਮ ਦਾ ਸਵਾਲ ਪੁੱਛ ਸਕਦਾ ਹੈ ਅਤੇ ਉਸ ਦਾ ਉੱਤਰ ਜਾਣਨ ਦਾ ਦਾਅਵਾ ਕਰਨ ਵਾਲਾ ਕੋਈ ਵੀ ਵਿਅਕਤੀ ਉਸ ਦਾ ਜਵਾਬ ਦੇ ਸਕਦਾ ਹੈ, ਯਾਨੀ ਇਸ ਸਾਈਟ ਉੱਤੇ ਸਵਾਲਾਂ ਜਵਾਬਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਇਥੇ ਕਿਸੇ ਨੇ ਪੁੱਛਿਆ ਕਿ ਮਾਓ ਜ਼ੇ-ਤੁੰਗ ਦੀਆਂ ਵਧੀਆ ਜੀਵਨੀਆਂ ਕਿਹੜੀਆਂ ਕਿਹੜੀਆਂ ਹਨ? ਇਸ ਦਾ ਜਵਾਬ ਆਇਆ –‘ਅਸਲ ਵਿੱਚ ਮਾਓ ਦੀ ਕੋਈ ਵੀ ਵਧੀਆ, ਨਿਰਪੱਖ ਅਤੇ ਉਸ ਦੁਆਲੇ ਕੇਂਦ੍ਰਿਤ ਜੀਵਨੀ ਨਹੀਂ ਹੈ। ਅਮਰੀਕਨਾਂ ਅਤੇ ਅੰਗਰੇਜ਼ ਲੇਖਕਾਂ ਵੱਲੋਂ ਲਿਖੀਆਂ ਜੀਵਨੀਆਂ ਪੱਖਪਾਤੀ ਅਤੇ ਵਿਗਾੜ ਕੇ ਪੇਸ਼ ਕੀਤੇ ਤੱਥਾਂ ਨਾਲ ਭਰੀਆਂ ਹੋਈਆਂ ਹਨ ਅਤੇ ਉਹ ਇੱਕ ਸਾਧਾਰਣ ਤੱਥ ਦੀ ਵਿਆਖਿਆ ਵੀ ਨਹੀਂ ਕਰ ਸਕਦੀਆਂ ਕਿ ਇੱਕ ਰਾਬਿਨ ਹੁੱਡ* ਕਿਸਮ ਦਾ ਵਿਅਕਤੀ ਸਿਰਫ 21 ਸਾਲਾਂ ਵਿੱਚ, ਇੱਕ ਮਹਾਂਦੀਪ ਜਿੱਡੇ ਵੱਡੇ ਆਕਾਰ ਵਾਲੇ ਅਤੇ ਐਨੀ ਵਿਸ਼ਾਲ ਆਬਾਦੀ ਵਾਲੇ ਦੇਸ਼ ਦਾ ਕੰਟਰੋਲ ਹਾਸਲ ਕਰਨ ਵਿੱਚ ਕਿਵੇਂ ਸਫਲ ਹੋ ਗਿਆ? ਦੂਜੇ ਪਾਸੇ ਚੀਨ ਵਿੱਚ ਲਿਖੀਆਂ ਗਈਆਂ ਜੀਵਨੀਆਂ ਵੀ ਬਹੁਤ ਸਾਰੀਆਂ ਗੱਲਾਂ ਨੂੰ ਲੁਕਾ ਲੈਂਦੀਆਂ ਹਨ। ਇਹ ਜਵਾਬ ਦੇਣ ਵਾਲਾ ਅਮਰੀਕਾ ਵਿੱਚ ਸਿੱਖਿਆ ਪ੍ਰਾਪਤ ਚੀਨੀ ਮੂਲ ਦਾ ਇੰਜਨੀਅਰ ਅਤੇ ਸ਼ੌਂਕੀਆ ਇਤਿਹਾਸਕਾਰ ਵੈੱਨ ਲਿੰਗ ਹੈ, ਭਾਵ ਕੋਈ ਸਾਧਾਰਣ ਆਦਮੀ ਨਹੀਂ, ਵਿਸ਼ੇ ਦਾ ਮਾਹਿਰ ਹੈ।

——————————————————————————————————————

  • ਰਾਬਿਨ ਹੁੱਡ – ਇੱਕ ਅੰਗਰੇਜ਼ ਡਾਕੂ ਜੋ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਮਦਦ ਕਰਦਾ ਸੀ ਜਿਸ ਕਰਕੇ ਲੋਕਾਂ ਵਿੱਚ ਉਹ ਬਹੁਤ ਹਰਮਨਪਿਆਰਾ ਸੀ।

ਮਾਓ ਜ਼ੇ-ਤੁੰਗ /10