ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/78

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਵਿਚ ਵਿਚ ਬਾਗਾਂ ਦੇ ਤੁਸੀਂ ਆਓ
ਚੋਟ ਨਗਾਰਿਆਂ 'ਤੇ ਲਾਓ
ਖਾਣਾ ਰਾਜਿਆਂ ਦੇ ਖਾਓ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਛੈਲ ਨਵਾਬਾਂ ਦੇ ਘਰ ਢੁਕਣਾਂ
ਸਰਦਾਰਾਂ ਦੇ ਘਰ ਢੁਕਣਾਂ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਚੀਰਾ ਤੇਰਾ ਮੱਲਾ ਵੇ ਸੋਹਣਾ
ਬਣਦਾ ਕਲਗੀਆਂ ਦੇ ਨਾਲ
ਕਲਗੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਕੈਂਠਾ ਤੇਰਾ ਮੱਲਾ ਵੇ ਸੋਹਣਾ
ਬਣਦਾ ਜੁਗਨੀਆਂ ਦੇ ਨਾਲ
ਜੁਗਨੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਜਾਮਾ ਤੇਰਾ ਵੇ ਮੱਲਾ ਸੋਹਣਾ
ਬਣਦਾ ਤਣੀਆਂ ਦੇ ਨਾਲ
ਤਣੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਜੁੱਤੀ ਤੇਰੀ ਵੇ ਮੱਲਾ ਸੋਹਣੀ
ਬਾਹਵਾ ਜੜੀ ਤਿੱਲੇ ਦੇ ਨਾਲ
ਕੇਹੀ ਸੋਹਣੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਮਹਿੰਦੀ ਸ਼ਗਨਾਂ ਦੀ/82