ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/73

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

13.
ਤੇਰਾ ਮੱਥਾ ਘਾਤੂ ਘੜਿਆ ਵੇ
ਤੇਰੇ ਸੋਨੇ ਵਰਗੇ ਕੇਸ ਵੇ
ਪਿਆਜੀ ਵੰਨਾ ਰੰਗ ਵੇ
ਤੇਰੀਆਂ ਅੱਖਾਂ ਅੰਬਾਂ ਦੀਆਂ ਫਾੜੀਆਂ ਵੇ
ਅਨਾਰ ਦਾ ਦਾਣਾ ਪਿਆਜੀ ਰੰਗਾ ਰੰਗ ਵੇ
ਤੇਰੇ ਅਨਾਰ ਦੇ ਦਾਣੇ ਦੰਦ ਵੇ
ਤੇਰਾ ਸੋਨੇ ਵਰਗਾ ਰੰਗ ਵੇ
ਅਨਾਰ ਦਾ ਦਾਣਾ ਪਿਆਜੀ ਰੰਗਾ ਰੰਗ ਵੇ
14.
ਹੱਥ ਤਾਂ ਵੀਰਨ ਦੇ ਸੋਨੇ ਦਾ ਗੜਵਾ ਮੈਂ ਬਾਰੀ
ਹੱਥ ਤਾਂ ਪਹਿਨ ਕੇ ਸਹੁਰਿਆਂ ਨੂੰ ਜਾਣਾ ਵੇ
ਸਿਰ ਤਾਂ ਵੀਰਨ ਦੇ ਸ਼ਗਨਾਂ ਦਾ ਚੀਰਾ ਮੈਂ ਬਾਰੀ
ਸਿਰ ਤਾਂ ਪਹਿਨ ਕੇ ਸਹੁਰਿਆਂ ਨੂੰ ਜਾਣਾ ਵੇ
15.
ਲੰਬਾ ਸੀ ਵਿਹੜਾ ਵੇ ਵੀਰਨਾ
ਵਿੱਚ ਮਰੂਏ ਦਾ ਬੂਟਾ ਵੇ
ਸੋਹਣਿਆਂ ਵਿਚ ਮਰੂਏ ਦਾ ਬੂਟਾ ਵੇ
ਬੂਟਾ ਬੂਟਾ ਵੇ ਵੀਰਨਾ
ਉਹਨੂੰ ਲੱਗੇ ਸੀ ਡੋਡੇ ਵੇ
ਡੋਡੇ ਡੋਡੇ ਵੇ ਵੀਰਾ
ਉਹਨੂੰ ਖਿੜੀਆਂ ਸੀ ਕਲੀਆਂ
ਕਲੀਆਂ ਕਲੀਆਂ ਵੇ ਵੀਰਨਾ
ਤੇਰਾ ਸਾਫ਼ੇ ਨੂੰ ਜੜੀਆਂ ਵੇ
ਸੋਹਣਿਆ ਤੇਰੇ ਸਾਫ਼ੇ ਨੂੰ ਜੜੀਆਂ ਵੇ
ਜੜੀਆਂ ਜੜੀਆਂ ਵੇ ਵੀਰਨਾ
ਤੇਰੇ ਕੁੜਤੇ ਨੂੰ ਜੜੀਆਂ ਵੇ

ਮਹਿੰਦੀ ਸ਼ਗਨਾਂ ਦੀ/77