ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/62

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ

ਇਕ ਸੀ ਘੋੜੀ ਵੀਰਾ ਰਾਵਲੀ
ਗੰਗਾ ਜਮਨਾ ਤੋਂ ਆਈ
ਆਣ ਬੰਨ੍ਹੀ ਬਾਬਲ ਬਾਰ ਮਾਂ
ਕੁਲ ਹੋਈ ਐ ਵਧਾਈ
ਬਾਗ ਪਕੜ ਵੀਰਨ ਚੜ੍ਹ ਗਿਆ
ਅਪਣੀ ਚਤਰਾਈ
ਅਟਣ ਬਟਣ ਉਹਦੇ ਕਪੜੇ
ਕੇਸਰ ਹੋਈ ਛੜਕਾਈ
ਲਾੜੇ ਦੀ ਸਿਫ਼ਤ ਕਰਦੀਆਂ ਮੇਲਣਾਂ ਦੀ ਖ਼ੁਸ਼ੀ ਡੁੱਲ੍ਹ-ਡੁੱਲ੍ਹ ਪੈਂਦੀ ਹੈ

ਘੋੜੀ ਸੋਂਹਦੀ ਕਾਠੀਆਂ ਦੇ ਨਾਲ
ਕਾਠੀ ਡੇਢ ਤੇ ਹਜ਼ਾਰ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਵਿਚ ਵਿਚ ਬਾਗਾਂ ਦੇ ਤੁਸੀਂ ਆਓ
ਚੋਟ ਨਗਾਰਿਆਂ 'ਤੇ ਲਾਓ
ਖਾਣਾ ਰਾਜਿਆਂ ਦੇ ਖਾਓ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਛੈਲ ਨਵਾਬਾਂ ਦੇ ਘਰ ਢੁਕਣਾਂ
ਸਰਦਾਰਾਂ ਦੇ ਘਰ ਢੁਕਣਾਂ
ਉਮਰਾਵਾਂ ਦੀ ਤੇਰੀ ਚਾਲ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਚੀਰਾ ਤੇਰਾ ਮੱਲਾ ਵੇ ਸੋਹਣਾ
ਬਣਦਾ ਕਲਗੀਆਂ ਦੇ ਨਾਲ
ਕਲਗੀ ਡੇਢ ਤੇ ਹਜ਼ਾਰ
ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ

ਮਹਿੰਦੀ ਸ਼ਗਨਾਂ ਦੀ/66