ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/34

ਇਹ ਸਫ਼ਾ ਪ੍ਰਮਾਣਿਤ ਹੈ

ਧੀ ਦੇ ਮਾਪੇ ਚਾਹੇ ਕਿੰਨੇ ਵੀ ਬਖ਼ਤਾਵਰ ਹੋਣ ਪਰੰਤੂ ਉਨ੍ਹਾਂ ਦੀ ਸਥਿਤੀ ਧੀ ਦੇ ਸਹੁਰਿਆਂ ਨਾਲੋਂ ਦੁਜੈਲੀ ਹੁੰਦੀ ਹੈ। ਧੀ ਦਾ ਬਾਬਾ ਤੇ ਬਾਬਲ ਗਲ਼ ਵਿਚ ਪੱਲਾ ਪਾ ਕੇ ਉਸ ਦਾ ਸਾਹਾ ਸਧਾਉਂਦੇ ਹਨ:

ਪਾਲਕੀਆਂ ਤੋਂ ਉਠ ਮੇਰੇ ਬਾਬਾ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਾ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨੁ ਮੇਰੇ ਬਾਬਾ
ਹੱਥ ਬੰਨ੍ਹਣੇ ਆਏ

ਪਾਲਕੀਆਂ ਤੋਂ ਉਠ ਮੇਰੇ ਬਾਬਲ
ਬੀਬੀ ਦਾ ਸਾਹਾ ਸਧਾ
ਬੀਬੀ ਦਾ ਬਾਬਲ ਕਦੇ ਨਾ ਨਿਮਿਆ
ਬੀਬੀ ਆਣ ਨਿਮਾਇਆ
ਤੂੰ ਹੱਥ ਬੰਨ੍ਹ ਮੇਰੇ ਬਾਬਲ
ਹੱਥ ਬੰਨ੍ਹਣੇ ਆਏ

ਧੀ ਦੀ ਡੋਲੀ ਤੋਰਨ ਦਾ ਦ੍ਰਿਸ਼ ਅਤਿ ਕਰੁਣਾਮਈ ਹੁੰਦਾ ਹੈ। ਉਸ ਦੀਆਂ ਸਹੇਲੀਆਂ ਦਰਦੀਲੇ ਗੀਤ ਗਾ ਕੇ ਸਾਰੇ ਮਾਹੌਲ ਨੂੰ ਸੋਗੀ ਬਣਾ ਦੇਂਦੀਆਂ ਹਨ। ਉਹ ਸਹੁਰਿਆਂ ਅੱਗੇ ਆਪਣੀ ਹਲੀਮੀ ਤੇ ਬੇਬਸੀ ਦਾ ਇਜ਼ਹਾਰ ਕਰਦੀਆਂ ਹਨ:

ਜੇ ਅਸੀਂ ਦਿੱਤੀ ਮੋਠਾਂ ਦੀ ਮੁੱਠੀ
ਮੋਤੀ ਕਰਕੇ ਜਾਣਿਓ ਜੀ
ਜੇ ਅਸੀਂ ਦਿੱਤਾ ਪਾਣੀ ਦਾ ਛੰਨਾ
ਦੁਧੂਆ ਕਰਕੇ ਜਾਣਿਓ ਜੀ
ਜੇ ਅਸੀਂ ਦਿੱਤਾ ਖੱਦਰ ਚੌਸੀ
ਰੇਸ਼ਮ ਕਰਕੇ ਜਾਣਿਓ ਜੀ
ਜੇ ਸਾਡੀ ਬੀਬੀ ਮੋਟਾ ਕੱਤੇ
ਨਿੱਕਾ ਕਰਕੇ ਜਾਣਿਓ ਜੀ
ਜੇ ਸਾਡੀ ਬੀਬੀ ਕੰਮ ਵਿਗਾੜੇ
ਅੰਦਰ ਬੜ ਸਮਝਾਇਓ ਜੀ

ਮਹਿੰਦੀ ਸ਼ਗਨਾਂ ਦੀ /32