ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/260

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਿੰਨੇ ਪਿੱਪਲ ਦੇ ਪੱਤ ਨੇ
ਪਾਣੀ ਉਤਨੇ ਸੇਰ

ਕਮਾਲ ਦੀ ਹਾਜ਼ਰ ਜਵਾਬੀ ਹੈ- ਗਿਣੀ ਜਾਓ ਪਿੱਪਲ ਦੇ ਪੱਤ! ਅੱਗੋਂ
ਸਾਲ਼ੀ ਕਿਹੜਾ ਘਟ ਬੁੱਧੀਮਾਨ ਹੈ, ਉਹ ਇਕ ਹੋਰ ਗੁੰਝਲਦਾਰ ਬੁਝਾਰਤ ਪੁੱਛਦੀ ਹੈ:

ਕੌਣ ਪਿੰਡ ਕੌਣ ਚੌਧਰੀ
ਕੌਣ ਹੈ ਵਿਚ ਦਲਾਲ
ਕੌਣ ਸੁਗੰਧੀ ਦੇ ਰਿਹਾ
ਕੌਣ ਪਰਖਦਾ ਲਾਲ

ਏਸ ਬੁਝਾਰਤ ਦਾ ਉੱਤਰ ਬੁੱਝ ਕੇ ਸੂਝਵਾਨ ਲਾੜਾ ਨਖ਼ਰੋ ਸਾਲ਼ੀ ਨੂੰ
ਨਿਰ-ਉੱਤਰ ਕਰ ਦੇਂਦਾ ਹੈ:

ਦੇਹ ਪਿੰਡ ਦਿਲ ਚੌਧਰੀ
ਜੀਭਾ ਵਿਚ ਦਲਾਲ
ਨੱਕ ਸੁਗੰਧੀ ਦੇ ਰਿਹਾ
ਨੈਣ ਪਰਖਦੇ ਲਾਲ

ਛੰਦ ਸੁਣਨ ਦੀ ਰਸਮ ਮਗਰੋਂ ਲਾੜੇ ਦੀ ਸੱਸ ਉਸ ਦਾ ਮੂੰਹ ਸੁੱਚਾ ਕਰਨ
ਦੀ ਰਸਮ ਕਰਦੀ ਹੈ। ਉਹ ਥਾਲ ਵਿਚ ਲੱਡੂ ਰਖ ਕੇ ਲਾੜੇ ਦੇ ਮੂੰਹ ਵਿਚ ਲੱਡੂਆਂਂ
ਦੇ ਭੋਰੇ ਪਾਉਂਦੀ ਹੈ ਤੇ ਮਗਰੋਂ ਉਸ ਨੂੰ ਦੁੱਧ ਦਾ ਗਲਾਸ ਪੀਣ ਲਈ ਦਿੱਤਾ ਜਾਂਦਾ
ਹੈ। ਲਾੜੀ ਦੀਆਂ ਚਾਚੀਆਂ, ਤਾਈਆਂ ਤੇ ਮਾਸੀਆਂ ਆਦਿ ਵੀ ਇਹ ਸ਼ਗਨ
ਕਰਦੀਆਂ ਹਨ।

ਇਨ੍ਹਾਂ ਸ਼ਗਨਾਂ ਮਗਰੋਂ ਲਾੜਾ ਸਾਲ਼ੀਆਂ ਤੋਂ ਪੱਲਾ ਛੁਡਾ ਕੇ ਖੁਸ਼ੀ-ਖੁਸ਼
ਸਰਬਾਲੇ ਸਮੇਤ ਜਨੇਤ ਦੇ ਡੇਰੇ ਨੂੰ ਪਰਤ ਆਉਂਦਾ ਹੈ। ਸਾਲੀਆਂ ਦੇ ਹਾਸੇ ਉਨ੍ਹਾ
ਦੇ ਕੰਨਾਂ ਵਿਚ ਰਸ ਘੋਲਦੇ ਰਹਿੰਦੇ ਹਨ।

ਮੈਰਿਜ ਪੈਲੇਸਾਂ ਵਿਚ ਹੁੰਦੇ ਵਿਆਹ ਸਮਾਗਮਾਂ ਕਾਰਨ ਛੰਦ ਸੁਣਨ ਦੀ
ਰਸਮ ਵੀ ਸਮਾਪਤ ਹੀ ਹੋ ਗਈ ਹੈ ਬਸ ਯਾਦਾਂ ਹੀ ਬਾਕੀ ਰਹਿ ਗਈਆਂ ਹਨ।

ਮਹਿੰਦੀ ਸ਼ਗਨਾਂ ਦੀ/ 264