ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/253

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

32.
ਗਿੱਧਾ ਗਿੱਧਾ ਕਰਦੀ ਕੁੜੀਏ
ਆ ਗਈ ਗਿੱਧੇ ਵਿਚ ਬਣ ਠਣ ਕੇ
ਬਈ ਤੀਲੀ ਤੇਰੀ ਨੇ ਮੁਲਖ ਮੋਹ ਲਿਆ
ਬਾਹੀਂ ਚੂੜਾ ਛਣਕੇ
ਫੇਰ ਕਦ ਨੱਚੇਗੀ-
ਨੱਚ ਲੈ ਪਟੋਲ੍ਹਾ ਬਣ ਕੇ

33.
ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ
ਇਕੋ ਜਹੀਆਂ ਮੁਟਿਆਰਾਂ
ਚੰਨ ਦੇ ਚਾਨਣੇ ਐਕਣ ਚਮਕਣ
ਜਿਉਂ ਸੋਨੇ ਦੀਆਂ ਤਾਰਾਂ
ਗਲ਼ੀਂ ਉਨ੍ਹਾਂ ਦੇ ਰੇਸ਼ਮੀ ਲਹਿੰਗੇ
ਤੇੜ ਨਮੀਆਂ ਸਲਵਾਰਾਂ
ਕੁੜੀਆਂ ਐ ਨੱਚਣ-
ਜਿਉਂ ਹਰਨਾਂ ਦੀਆਂ ਡਾਰਾਂ

34.
ਕੱਠੀਆਂ ਹੋ ਕੇ ਆਈਆਂ ਗਿੱਧੇ ਵਿਚ
ਇਕੋ ਜਹੀਆਂ ਮੁਟਿਆਰਾਂ
ਬਈ ਬਾਰੋ ਬਾਰੀ ਮਾਰਨ ਗੇੜੇ
ਹੁਸਨ ਦੀਆਂ ਸਰਕਾਰਾਂ
ਬਈ ਘੱਗਰੇ ਉਨ੍ਹਾਂ ਦੇ ਵੀਹ ਵੀਹ ਗਜ਼ ਦੇ
ਲੱਕ ਲੰਬੀਆਂ ਸਲਵਾਰਾਂ
ਨੱਚ ਲੈ ਮੋਰਨੀਏ-
ਪੰਜ ਪਤਾਸੇ ਵਾਰਾਂ|
.

ਮਹਿੰਦੀ ਸ਼ਗਨਾਂ ਦੀ/ 257