ਪੰਨਾ:ਮਹਿੰਦੀ ਸ਼ਗਨਾਂ ਦੀ - ਸੁਖਦੇਵ ਮਾਦਪੁਰੀ.pdf/244

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਾਗੋ ਦਾ ਵਿਆਂਦੜ ਮੁੰਡੇ ਦੇ ਸ਼ਰੀਕੇ ਵਿਚ ਖ਼ਾਸ ਖ਼ਾਸ ਘਰਾਂ ਵਿਚ ਲੈ ਕੇ ਜਾਣਾ ਭਾਈਚਾਰਕ ਸਾਂਝਾਂ ਦਾ ਪ੍ਰਤੀਕ ਹੈ। ਮੁੰਡੇ ਦੀ ਮਾਂ ਜਾਗੋ ਨੂੰ ਖ਼ਾਸ ਖ਼ਾਸ ਅਪਣੱਤ ਵਾਲੇ ਘਰਾਂ ਵਿਚ ਲੈ ਕੇ ਜਾਂਦੀ ਹੈ ਜਿੱਥੇ ਜਾਗੋ ਦਾ ਗਿੱਧਾ ਪਾ ਕੇ ਖੂਬ ਨੱਚਿਆ ਜਾਂਦਾ ਹੈ ਅਤੇ ਨਸੰਗ ਹੋ ਕੇ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਜਿਸ ਰਿਸ਼ਤੇਦਾਰੀ ਵਿਚ ਜਾਗੋ ਲਿਜਾਈ ਜਾਂਦੀ ਹੈ ਓਸ ਘਰ ਦੀ ਮਾਲਕਣ ਜਾਗੋ ਦੇ ਦੀਵਿਆਂ ਵਿਚ ਸਰੋਂ ਦਾ ਤੇਲ ਪਾਉਂਦੀ ਹੈ ਤੇ ਨਚਦੀਆਂ ਹੋਈਆਂ ਮੁਟਿਆਰਾਂ ’ਤੇ ਰੁਪਿਆਂ ਦੇ ਵਾਰਨੇ ਕਰਕੇ ਸ਼ਗਨ ਮਨਾਉਂਦੀ ਹੈ। ਇਸ ਪ੍ਰਕਾਰ ਅੰਧੀ ਰਾਤ ਤੋਂ ਵੀ ਵਧ ਸਮੇਂ ਤਕ ਮੇਲਣਾਂ ਜਾਗੋ ਕੱਢਦੀਆਂ ਹੋਈਆਂ ਪਿੰਡ ਵਿਚ ਖਰੂ ਪਾਈ ਰੱਖਦੀਆਂ ਹਨ।

ਜਾਗੋ ਕੱਢਣ ਦੇ ਕੁਝ ਸਾਰਥਕ ਕਾਰਨ ਸਨ। ਸਾਡੇ ਵਡਾਰੂਆਂ ਨੇ ਬੜੀ ਸਿਆਣਪ ਨਾਲ ਸੋਚ ਸਮਝ ਕੇ ਜਾਗੋ ਕੱਢਣ, ਛੱਜ ਕੁੱਟਣ ਅਤੇ ਗਿੱਧਾ ਪਾਉਣ ਦੀ ਰੀਤ ਤੋਰੀ ਸੀ। ਪੁਰਾਣੇ ਸਮਿਆਂ ਵਿਚ ਪਿੰਡਾਂ ਦੀ ਸੁਰਖਿਆ ਪੱਖੋਂ ਹਾਲਤ ਬਹੁਤੀ ਚੰਗੀ ਨਹੀਂ ਸੀ। ਚੋਰੀਆਂ ਡਾਕੇ ਆਮ ਸਨ! ਜੰਗਲ ਬੇਲਿਆਂ, ਝਿੜੀਆਂ ਵਿਚੋਂ ਲੰਘਦੀਆਂ ਬਰਾਤਾਂ ਲੁੱਟਣ ਦੇ ਕਿੱਸੇ ਆਮ ਸਨ। ਓਦੋਂ ਬਰਾਤਾਂ ਕਈ-ਕਈ ਦਿਨ ਕੁੜੀ ਵਾਲਿਆਂ ਦੇ ਪਿੰਡ ਠਹਿਰਦੀਆਂ ਸਨ। ਜਨਾਨੀਆਂ ਤੇ ਮੁਟਿਆਰਾਂ ਨੂੰ ਅੱਜ ਕਲ੍ਹ ਵਾਂਗ ਬਰਾਤ ਨਾਲ ਨਹੀਂ ਸੀ ਲਿਜਾਇਆ ਜਾਂਦਾ। ਪਿੰਡ ਦੇ ਗੱਭਰ ਤਾਂ ਬਰਾਤ ਨਾਲ ਚਲੇ ਜਾਂਦੇ ਸਨ ਪਿੱਛੋਂ ਗਹਿਣੇ-ਗੱਟਿਆਂ ਨਾਲ ਲੱਦੀਆਂ ਮੇਲਣਾਂ ਅਤੇ ਘਰਾਂ ਦੀ ਚੋਰ ਉਚੱਕਿਆਂ ਪਾਸੋਂ ਸੁਰੱਖਿਆ ਲਈ ਜਾਗੋ ਕੱਢਣ ਦਾ ਰਿਵਾਜ ਪ੍ਰਚਲਿਤ ਹੋ ਗਿਆ। ਇਸ ਨਾਲ ਜਿੱਥੇ ਪਿੱਛੇ ਰਹੀਆਂ ਮੇਲਣਾਂ ਦਾ ਵਿਹਲਾ ਸਮਾਂ ਨਚਦਿਆਂ-ਟੱਪਦਿਆਂ ਵਧੀਆ ਢੰਗ ਨਾਲ ਬਤੀਤ ਹੋ ਜਾਂਦਾ, ਓਥੇ ਉਹ ਪਿੰਡ ਦੇ ਲੋਕਾਂ ਨੂੰ ਸਾਰੀ-ਸਾਰੀ ਰਾਤ ਜਗਈ ਰੱਖਣ ਲਈ ਵੀ ਕਾਰਗਰ ਸਿੱਧ ਹੁੰਦੀਆਂ। ਛੱਜ ਬਰਾਤ ਚੜ੍ਹਨ ਵਾਲੀ ਰਾਤ ਨੂੰ ਕੁੱਟਿਆ ਜਾਂਦਾ ਸੀ ਤੇ ਜਾਗੋ ਗੱਭਲੀ ਰਾਤ ਨੂੰ ਕੱਢੀ ਜਾਂਦੀ।

ਅੱਜਕਲ ਦੇ ਵਿਆਹਾਂ ਸਮੇਂ ਵੀ ਜਾਗੋ ਕੱਢਣ ਦਾ ਰਿਵਾਜ ਤਾਂ ਹੈ ਪਰੰਤੂ ਹੁਣ ਉਹ ਮੁਟਿਆਰਾਂ ਕਿੱਥੇ ਹਨ ਜਿਹੜੀਆਂ ਬਿਨਾਂ ਹੱਥ ਦਾ ਸਹਾਰਾ ਲਾਏ ਸਿਰ 'ਤੇ ਜਾਗੋ ਰੱਖ ਕੇ ਨੱਚਣ ਦਾ ਸਾਹਸ ਰਖਦੀਆਂ ਹਨ। ਹੁਣ ਤਾਂ ਕੁੜੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਲੇਡੀਜ਼ ਸੰਗੀਤ ਦੇ ਨਾਲ ਹੀ ਜਾਰੀ ਕੱਢੀ ਜਾਂਦੀ ਹੈ। ਆਰਕੈਸਟਰਾਂ ਵਾਲੇ ਡੀਜੇ ਦੇ ਸ਼ੋਰ ਸ਼ਰਾਬੇ ਵਾਲੇ ਸੰਗੀਤ ਦੀਆਂ ਧੁਨਾਂ ’ਤੇ ਮਦਹੋਸ਼ ਹੋਏ ਮੁੰਡੇ ਕੁੜੀਆਂ ਨੱਚਦੇ ਹਨ। ਸ਼ਹਿਰਾਂ ਵਿੱਚ ਤਾਂ ਜਾਗੋ ਕੱਢਣ ਵਾਲੀਆਂ ਕੁੜੀਆਂ ਵੀ ਕਿਰਾਏ 'ਤੇ ਮਿਲ ਜਾਂਦੀਆਂ ਹਨ। ਹੁਣ ਪਰਾਣੀ ਜਾਗੋ ਦੀ ਆਭਾ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਬਸ ਯਾਦਾ ਦਾ ਝੋਰਾ ਹੀ ਬਾਕੀ ਰਹਿ ਗਿਆ ਹੈ। ਮਹਿੰਦੀ ਸ਼ਗਨਾਂ ਦੀ/ 248