ਪੰਨਾ:ਮਹਿਕ ਪੰਜਾਬ ਦੀ - ਸੁਖਦੇਵ ਮਾਦਪੁਰੀ.pdf/229

ਇਹ ਸਫ਼ਾ ਪ੍ਰਮਾਣਿਤ ਹੈ

ਲੋਕ ਬੁਝਾਰਤਾਂ

ਬੁਝਾਰਤਾਂ ਪੰਜਾਬੀ ਲੋਕ ਜੀਵਨ ਦਾ ਅਨਿਖੜਵਾਂ ਅੰਗ ਹਨ। ਜਿਵੇਂ ਲੋਕ ਗੀਤ ਜਨ ਸਾਧਾਰਨ ਦੇ ਮਨੋਭਾਵ ਪ੍ਰਗਟਾਉਣ ਲਈ ਆਪਣਾ ਪ੍ਰਮੁੱਖ ਸਤਾਨ ਰੱਖਦੇ ਹਨ ਉਸੇ ਤਰ੍ਹਾਂ ਬੁਝਾਰਤਾਂ ਵੀ ਲੋਕ ਬੁੱਧੀ ਦਾ ਚਮਤਕਾਰ ਵਖਾਉਣ ਲਈ ਵਿਸ਼ੇਸ਼ ਸਥਾਨ ਰੱਖਦੀਆਂ ਹਨ। ਇਹਨਾਂ ਰਾਹੀਂ ਅਸੀਂ ਜਿੱਥੇ ਮਨੋਰੰਜਨ ਕਰਦੇ ਹਾਂ ਉੱਥੇ ਸਾਡੇ ਵਸਤੂ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ ਅਤੇ ਯਾਦ ਸ਼ਕਤੀ ਤੇਜ਼ ਹੁੰਦੀ ਹੈ।

ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉੱਨੀ ਹੀ ਪੁਰਾਤਨ ਹੈ ਜਿੰਨਾ ਕਿ ਮਨੁੱਖ ਆਪ ਹੈ। ਜਾਪਦਾ ਹੈ ਮਨੁੱਖ ਦੇ ਜਨਮ ਦੇ ਨਾਲ਼ ਹੀ ਇਹਨਾਂ ਦਾ ਜਨਮ ਹੋਇਆ ਹੋਵੇਗਾ।

ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਬੁਝਾਰਤਾਂ ਬੁੱਝਣਾਂ ਬੁੱਧੀ ਦੀ ਪ੍ਰੀਖਿਆ ਕਰਨਾ ਹੁੰਦਾ ਹੈ।

ਪੰਜਾਬੀ ਬੁਝਾਰਤਾਂ ਪੰਜਾਬੀ ਲੋਕ ਸਾਹਿਤ ਦਾ ਵਿਸ਼ੇਸ਼ ਭਾਗ ਹਨ। ਇਹਨਾਂ ਵਿੱਚ ਪੰਜਾਬ ਦਾ ਲੋਕ ਜੀਵਨ ਸਾਫ ਦਿਸ ਆਉਂਦਾ ਹੈ। ਇਹ ਸਾਡੇ ਸੱਭਿਆਚਾਰ ਦਾ ਦਰਪਨ ਹਨ। ਸ਼ਾਇਦ ਹੀ ਕੋਈ ਅਜਿਹਾ ਵਿਸ਼ਾ ਹੋਵੇ ਜਿਸ ਬਾਰੇ ਬੁਝਾਰਤਾਂ ਨਾ ਹੋਣ। ਕਿਸਾਨੀ ਜੀਵਨ ਨਾਲ ਸੰਬੰਧਿਤ ਬਨਸਪਤੀ, ਫਸਲਾਂ, ਖੇਤੀ ਬਾੜੀ ਦੇ ਸੰਦਾਂ, ਜੀਵ ਜੰਤੂਆਂ ਅਤੇ ਘਰੇਲੂ ਵਸਤਾਂ ਬਾਰੇ ਪਿਆਰੀਆਂ ਤੇ ਸੁਹਜ ਭਰਪੂਰ ਬੁਝਾਰਤਾਂ ਪਾਈਆਂ ਜਾਂਦੀਆਂ ਹਨ ਜੋ ਕਿਸਾਨ ਪਰਿਵਾਰਾਂ ਦਾ ਮਨੋਰੰਜਨ ਹੀ ਨਹੀਂ ਕਰਦੀਆਂ ਬਲਕਿ ਇਹਨਾਂ ਦੇ ਵਸਤੂ ਗਿਆਨ ਵਿੱਚ ਵੀ ਵਾਧਾ ਕਰਦੀਆਂ ਹਨ।

227/ਮਹਿਕ ਪੰਜਾਬ ਦੀ