ਪੰਨਾ:ਮਹਾਤਮਾ ਬੁੱਧ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਸਲ ਵਿਚ ਬੌਧ ਧਰਮ ਵਿਚ ਸੰਪਰਦਾਇ ਹੀ ਦੋ ਹਨ-ਹੀਨ ਯਾਨ ਤੇ ਮਹਾਯਾਨ । ਬਾਕੀ ਤਾਂ ਸਭ ਇਨ੍ਹਾਂ ਦੀਆਂ ਸ਼ਾਖ ਪ੍ਰਸ਼ਾਖਾ ਹੀ ਕਹੇ ਜਾ ਸਕਦੇ ਹਨ।

‘ਹੀਨ ਯਾਨ’ ਦਾ ਮਤਲਬ ਹੈ, ਤੰਗ ਰਸਤਾ ਤੇ ‘ਮਹਾਂ ਯਾਨ' ਦਾ ਮਤਲਬ ਹੈ, ਖੁਲਾ ਰਸਤਾ। ਦੋਵੇਂ ਆਪੋ ਆਪਣੇ ਗੁਣ ਰਖਦੇ ਹਨ ਤੇ ਲੋਕਾਂ ਲਈ ਕਲਿਆਣ ਕਾਰੀ ਹਨ। ਹੀਨ ਯਾਨ ਵਾਲੇ ਬੁਧ ਨੂੰ ਰਬ ਨਹੀਂ ਮੰਨਦੇ, ਰਹਿਬਰ ਮੰਨਦੇ ਹਨ ਤੇ ਮਹਾ ਯਾਨ ਵਾਲੇ ਰਬ ਮੰਨਦੇ ਹਨ ਤੇ ਹਿੰਦੂਆਂ ਦੀ ਤਰ੍ਹਾਂ ਰਬ ਨੂੰ ਜਨਮ ਮਰਣ ਵਿਚ ਲਿਆਉਂਦੇ ਤੇ ਪੂਜਾ ਪਾਠ ਤੇ ਵਿਸ਼ਵਾਸ ਕਰਦੇ ਹਨ । ਕਈ ਦੇਵੀ ਦੇਵਤੇ ਵੀ ਉਨ੍ਹਾਂ ਮਿਥ ਛਡੇ ਹਨ ਤੇ ਉਨ੍ਹਾਂ ਦੀ ਪੂਜਾ ਕਰਦੇ ਹਨ । ਹੋਰ ਵੀ ਬਹੁਤ ਕੁਝ।

ਬੁਧ ਦੇ ਪੈਰੋਕਾਰ ਦੋ ਤਰ੍ਹਾਂ ਦੇ ਹੁੰਦੇ ਹਨ—ਇਕ ਗ੍ਰਿਹਸਥ ਤੇ ਦੂਸਰੇ ਸੰਨਿਆਸੀ । ਸੰਨਿਆਸੀਆਂ ਨੂੰ ਬੌਧਧਰਮ ਵਿਚ ਭਿਖੂ ਕਹੀਦਾ ਹੈ। ਕਾਸ਼ੀ ਵਿਚ ਜਦੋਂ ਬੁਧ ਪਾਸ ਕਾਫ਼ੀ ਭਿਖੂ ਹੋ ਗਏ ਤਾਂ ਉਨ੍ਹਾਂ, ਉਨ੍ਹਾਂ ਲਈ ਇਕ ਸੰਸਥਾਂ ਬਣਾ ਦਿਤੀ ਤੇ ਨਾਓ ਰਖਿਆ “ਸੰਘ” । ਸੰਘ, ਪਹਿਲੇ ਪਹਿਲ ਮਰਦਾ ਲਈ ਹੀ ਬਣਿਆ ਪਰ ਫਿਰ ਅਗ੍ਹਾਂ ਚਲ ਕੇ ਔਰਤਾਂ ਲਈ ਵੀ ਬਣਾ ਦਿਤਾ ਗਿਆ। ਇਹ ਬਨਾਇਆ ਬੁਧ ਨੇ, “ਆਨੰਦ" ਦਵਾਰਾ ਆਪਣੀ ਮਾਤਾ ਮਹਾ ਪਰਜਾਵਤੀ ਦੇ ਕਹਿਣ ਉਤੇ । ਇਸ ਵਿਚ ੫੦੦ ਇਸਤਰੀਆਂ ਸਮੇਤ ਪਹਿਲੇ ਪਹਿਲ ਊਹੋ ਸ਼ਾਮਲ ਹੋਈ।

ਸੰਘ ਦੇ ਨੇਮ ਬੜੇ ਕਠੋਰ ਸਨ । ਪੁਰਸ਼ਾਂ ਨਾਲੋਂ ਇਸਤਰੀਆਂ ਦੇ ਹੋਰ ਵੀ ਜ਼ਿਆਦਾ।

੯੧