ਪੰਨਾ:ਮਹਾਤਮਾ ਬੁੱਧ.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਦੇ ਚਲਦੇ ਬੁਧ ਇਕੋ ਰਾਤ ਵਿਚ ਕਪਲ ਵਸਤੂ, ਕੋਲੀ ਗਰਾਮ ਤੇ ਰਾਮ ਗਰਾਮ, ਇਨਾਂ ਤਿੰਨਾਂ ਸ਼ਹਿਰਾਂ ਨੂੰ ਪਾਰ ਕਰ ਕੇ ਅਨੋਮਾ ਨਦੀ ਦੇ ਕਿਨਾਰੇ ਪਹੁੰਚੇ। ਇਹ ਨਦੀ ਜ਼ਿਲਾ ਗੋਰਖ ਪੁਰ ਵਿਚ ਹੁਣ ਵੀ ਹੈ ਤੇ ‘ਔਮੀ ਨਦੀ’ ਕਹਾਉਂਦੀ ਹੈ।
ਬੁਧ ਨੇ ਛੰਦਕ ਨੂੰ ਪੁਛਿਆ, ਇਹ ਕਿਹੜੀ ਨਦੀ ਹੈ?
ਛੰਦਕ ਨੇ ਕਿਹਾ, “ਅਨੋਮਾ।”
ਬੁਧ ਨੇ ਘੋੜੇ ਨੂੰ ਅਡੀ ਲਗਾਈ ਤੇ ਅਨੌਮਾ ਪਾਰ ਗਏ। ਇਸ ਵੇਲੇ ਪਹੁ ਫੁਟਣ ਵਾਲੀ ਸੀ। ਬੁਧ ਨੇ ਰਾਜਸੀ ਕਪੜੇ ਲਾਹੇ ਤੇਂ ਤਲਵਾਰ ਨਾਲ ਆਪਣੀ ਬੋਦੀ ਵੀ ਲਾਹੀ।
ਫਿਰ ਸਭ ਚੀਜ਼ਾਂ ਦੀ ਗੰਢ ਬੰਨ੍ਹ ਕੇ ਛੰਦਕ ਦੇ ਹਵਾਲੇ ਕਰਦਿਆਂ ਹੋਇਆਂ ਬੁਧ ਨੇ ਕਿਹਾ, “ਇਹ ਸਭ ਲੈ ਜਾਓ ਤੇ ਪਿਤਾ ਜੀ ਦੇ ਚਰਨਾਂ ਵਿਚ ਧਰ ਕੇ ਕਹਿਣਾ - ਸਿਧਾਰਥ ਇਹੋ ਭਿਖਿਆ ਮੰਗਦਾ ਹੈ ਕਿ ਮੇਰੇ ਲਈ ਸ਼ੋਕ ਨਾ ਕਰਨਾ। ਮੈਨੂੰ ਭੁਲ ਜਾਣਾ। ਮੈਂ ਬੁਢਾਪਾ ਤੇ ਮੌਤ ਦਾ ਨਾਸ਼ ਕਰਨ ਲਈ ਜਾ ਰਿਹਾ ਹਾਂ। ਨਿਸ਼ਚੇ ਹੀ ਸਵਰਗ ਦੀ ਤ੍ਰਿਸ਼ਨਾ ਲਈ ਨਹੀਂ, ਮੁਹੱਬਤ ਦੀ ਕਮੀ ਕਰ ਕੇ ਨਹੀਂ। ਗੁਸੇ ਨਾਲ ਨਹੀਂ। ਜੇਕਰ ਮੈਂ ਆਪਣੇ ਮਨੋਰਥ ਵਿਚ ਕਾਮਯਾਬ ਹੋ ਗਿਆ ਤਾਂ ਜ਼ਰੂਰ ਤੇ ਜਲਦੀ ਹੀ ਆਪ ਦੇ ਦਰਸ਼ਨ ਕਰਾਂਗਾ। ਬਿਨਾਂ ਮਨੋਰਥ ਸਿੱਧ ਕੀਤੇ ਮੈਂ ਮੁੜਾਂਗਾ ਨਹੀਂ। ਮਰ ਜਾਵਾਂਗਾ ਆਪ ਨੂੰ ਮੂੰਹ ਨਹੀਂ ਦਿਖਾਵਾਂਗਾ।”
ਇਹ ਕਹਿੰਦਿਆਂ ਕਹਿੰਦਿਆਂ ਬੁਧ ਘਣੇ ਜੰਗਲ ਵਿਚ ਦਾਖ਼ਲ ਹੋ ਗਏ ਤੇਂ ਛੰਦਕ ਰੋਂਦਾ ਕਲਪਦਾ ਘਰ ਨੂੰ ਮੁੜ ਪਿਆ।

੪੧.