ਪੰਨਾ:ਮਹਾਤਮਾ ਬੁੱਧ.pdf/45

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਹਿਲਾਂ ਵਿਚ ਤੇ ਖ਼ਾਸ ਕਰ ਕੇ ਬੁੱਧ ਦੇ ਆਪਣੇ ਮਹਿਲ ਵਿਚ ਉਸ ਦਾ ਖ਼ਾਸ ਪ੍ਰਬੰਧ ਸੀ, ਖਾਸ ਪ੍ਰੋਗਰਾਮ ਸੀ। ਉਹ ਪ੍ਰੋਗਰਾਮ ਚਲਾ ਚਲਾ ਕੇ ਗਾਓਣ ਨੱਚਣ ਵਾਲੀਆਂ ਥਕ ਕੇ ਉਥੇ ਹੀ ਇਧਰ ਉਧੱਰ ਸੁੱਤੀਆਂ ਪਈਆਂ ਸਨ। ਕੋਲ ਉਨ੍ਹਾਂ ਦੇ ਤਬਲੇ, ਸਿਤਾਰਾਂ, ਸਾਰੰਗੀਆਂ, ਵੀਨਾ, ਬਾਂਸੂਰੀ, ਮ੍ਰਿਦੰਗ ਤੇ ਹੋਰ ਅਨੇਕ ਤਰ੍ਹਾਂ ਦੇ ਸਾਜ ਸਾਮਾਨ ਖਿਲਰੇ ਪਏ ਸਨ। ਕਿਸੇ ਨੂੰ ਕੁਝ ਹੋਸ਼ ਨਹੀਂ ਸੀ।
ਘਿਓ ਦੇ ਦੀਵੇ, ਜਿਨ੍ਹਾਂ ਵਿਚ ਤਰ੍ਹਾਂ ਤਰ੍ਹਾਂ ਦੇ ਅਤਰ ਮਿਲੇ ਹੋਏ ਸਨ, ਜਗਦੇ ਹੋਏ ਸਾਰੇ ਮਹਿਲ ਨੂੰ ਜਗਮਗਾ ਰਹੇ ਸਨ।
ਬੁਧ ਨੇ ਨਿਗ੍ਹਾ ਭਰ ਕੇ ਯਸ਼ੋਧਰਾ ਨੂੰ ਦੇਖਿਆ ਤੇ ਫਿਰ ਬੱਚੇ ਨੂੰ। ਸੋਚਿਆ, ਜਗਾਵਾਂ ਯਸ਼ੋਧਰਾ ਨੂੰ ਤੇ ਇਸ ਕੋਲੋ ਵਿਦਾ ਮੰਗਾਂ। ਪਰ ਫਿਰ ਖ਼ਿਆਲ ਆਇਆ ਨਹੀ, ਇਹ ਠੀਕ ਨਹੀਂ ਹੋਵੇਗਾ। ਜਾਗ ਕੇ ਇਹ ਫਿਰ ਪ੍ਰੇਮ ਦੇ ਡੋਰੇ ਸੁਟੇਗੀ ਤੇ ਕਦੇ ਵਿਦਾ ਨਾ ਕਰੇਗੀ। ਚੁਪ ਚਾ੫ ਨਿਕਲ ਜਾਣਾ ਹੀ ਸਥਿਰ ਕੀਤਾ ਤੇ ਨਿਕਲ ਗਏ। ਨਿਕਲਣ ਤੋਂ ਪਹਿਲਾਂ ਉਨ੍ਹਾਂ ਯਸ਼ੋਧਰਾ ਨੂੰ ਨਮਸਕਾਰ ਕੀਤੀ, ਤਿੰਨ ਵਾਰੀ ਉਸ ਦੇ ਪਲੰਘ ਦੀ ਪ੍ਰਦਖਨਾ ਕੀਤੀ ਤੇ ਬੱਚੇ ਨੂ ਪਿਆਰ-ਭਰੀ ਨਿਗ੍ਹਾ ਨਾਲ ਦੇਖਿਆ।
ਉਹ ਤਬੇਲੇ ਵਲ ਗਏ ਤੇ ਛੰਦਕ ਨੂੰ ਜਗਾ ਕੇ ਆਖਣ ਲਗੇ, “ਛੰਦਕ! ਮੇਰਾ ਪਿਆਰਾ ਘੋੜਾ ਕੰਥਕ ਤਿਆਰ ਕਰੋ।” ਉਰ ਹੱਕਾ ਬੱਕਾ ਹੋ ਕੇ ਬੁੱਧ ਦੇ ਮੂੰਹ ਵਲ ਤੱਕਣ ਲਗ ਪਿਆ ਤੇ ਆਖਣ ਲਗਾ, “ਕੁਮਾਰ ਇਸ ਵੇਲੇ ਘੋੜਾ!!”

ਬੁੱਧ ਨੇ ਕਿਹਾ, “ਹੌਲੀ ਬੋਲ ਛੰਦਕ। ਹਾਂ, ਇਸੇ ਵੇਲੇ ਚਾਹੀਦਾ ਹੈ। ਅਜ ਮੈਂ ਸੰਸਾਰ ਦੇ ਬੰਧਨ ਕੱਟਣ ਚਲਿਆ ਹਾਂ।

੩੯.