ਪੰਨਾ:ਮਹਾਤਮਾ ਬੁੱਧ.pdf/40

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਰੋਗਾਂ ਨਾਲ ਸਾਰੀ ਦੁਨੀਆਂ ਗ੍ਰੱਸੀ ਪਈ ਹੈ ਤੇ ਸਮਝਦੀ ਕੁਝ ਨਹੀਂ। ਲੋਕ ਕਸ਼ਟ ਵਿਚ ਹਨ ਤੇ ਖ਼ਤਰੇ ਵਿਚ ਹਨ, ਪਰ ਫਿਰ ਵੀ ਮੌਜਾਂ ਕਰਦੇ ਹਨ।
ਬੁਧ ਬੋਲੇ, “ਸਾਰਥੀ! ਜੇ ਇਹੋਂ ਗਲ ਹੈ ਕਿ ਅਰੋਗਤਾ ਸੁਪਨੇ ਦੇ ਖੇਲ ਵਾਂਗ ਹੈ ਤੇ ਰੋਗਾਂ ਦਾ ਅਜਿਹਾਂ ਭਿਆਨਕ ਖ਼ਤਰਾ ਇਸ ਦੇ ਪਿਛੇ ਲਗਾ ਹੋਇਆ ਹੈ ਤਾਂ ਫਿਰ ਕਿਹੜਾ ਅਜਿਹਾ ਮੂਰਖ ਹੈ ਜੋ ਐਸ਼ ਆਰਾਮ ਵਿਚ ਮਸਤ ਰਹਿ ਸਕਦਾ ਹੈ ਤੇ ਦੁਨੀਆਂ ਨੂੰ ਸੁਖਾਂ ਦੀ ਖਾਨ ਕਹਿਣ ਦਾ ਦਾਅਵਾ ਕਰ ਸਕਦਾ ਹੈ! ਰਥ ਵਾਪਸ ਲੈ ਚਲ, ਮੈਂ ਅਗਾਂਹ ਨਹੀਂ ਜਾਣਾ।”
ਛੰਦਕ ਰਥ ਵਾਪਸ ਲੈ ਆਇਆ ਤੇ ਕੁਮਾਰ ਮਹਿਲਾਂ ਵਿਚ ਬੈਠ ਕੇ ਫਿਰ ਸੋਚੀਂ ਪੈ ਗਏ ਕਿ ਕਿਹੜਾ ਢੰਗ ਹੋਵੇ-ਜਿਸ ਨਾਲ ਬੁਢਾਪਾ ਤੇ ਰੋਗ ਮਨੁਖ ਨੂੰ ਨਾ ਘੇਰਨ।

੩.

ਤੀਸਰੀ ਵਾਰੀ ਫਿਰ ਕੁਮਾਰ ਸਿਧਾਰਥ ਨੇ ਸੈਰ ਦੀ ਇਛਾ ਪ੍ਰਗਟ ਕੀਤੀ। ਰਾਜਾ ਸ਼ੁਧੋਦਨ ਨੈ ਐਤਕੀਂ ਹੋਰ ਜ਼ਿਆਦਾ

ਸਾਵਧਾਨੀ ਦੀ ਸਭ ਨੂੰ ਤਾਕੀਦ ਕਰ ਦਿਤੀ। ਫਿਰ ਵੀ ਇਕ ਘਟਨਾ ਹੋ ਹੀ ਗਈ। ਕਿਸੇ ਦਾ ਇਕ ਨੜੋਆ ਸਾਹਮਣੇ ਆ ਗਿਆ। ਕੁਮਾਰ ਨੇ ਕਦੇ ਕਿਸੇ ਦਾ ਨੜੋਆ ਨਹੀ ਸੀ ਦੇਖਿਆ। ਬੜੀ ਹੈਰਾਨੀ ਨਾਲ ਪੁਛਿਆ, “ਛੰਦਕ! ਇਸ ਆਦਮੀ ਨੂੰ ਕਪੜੇ ਵਿਚ ਲਪੇਟ ਕੇ ਤੇ ਮੰਜੇ ਤੇ ਲੰਮਿਆਂ ਪਾ ਕੇ ਕਿਉ ਚੁਕੀ ਫਿਰਦੇ ਹਨ? ਕਿਥੇ ਜਾ ਰਹੇ ਹਨ? ਨਾਲ ਪਿਟੀ ਕਿਉ ਜਾਂਦੇ ਹਨ? ਰਾਹ ਦਾ ਘੱਟਾ ਕਿਉਂ ਚੁਕ ਚੁਕ ਕੇ ਸਿਰਾਂ ਤੇ ਪਾਈ ਜਾਂ ਰਹੇ ਹਨ?”

੩੪.