ਪੰਨਾ:ਮਹਾਤਮਾ ਬੁੱਧ.pdf/26

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੰਸ ਨੂੰ ਤੀਰ ਮਾਰਿਆ ਸੀ ਬੁਧ ਦੇ ਸਕੇ ਭਰਾ ਦੇਵ ਦੱਤ ਨੇ। ਏਨੇ ਵਿਚ ਦੇਵ ਦੱਤ ਦਾ ਨੌਕਰ ਹੰਸ ਲੈਣ ਆ ਗਿਆ। ਬੁਧ ਨੇ ਕਿਹਾ, “ਜੇਕਰ ਹੰਸ ਨਿਸ਼ਾਨੇ ਨਾਲ ਮਰ ਜਾਂਦਾ ਤਾਂ ਭਲੇ ਹੀ ਮੈਂ ਦੇ ਦਿੰਦਾ, ਪਰ ਕਿਉਂਕਿ ਮੋਇਆ ਨਹੀਂ, ਇਸ ਵਾਸਤੇ ਮੈਂ ਹੁਣ ਨਹੀਂ ਦੇਣਾ।’’ ਨੌਕਰ ਮੁੜ ਗਿਆ ਤੇ ਉਸ ਨੇ ਦੇਵ ਦਤ ਨੂੰ ਸਾਰੀ ਗੱਲ ਜਾ ਸਣਾਈ। ਦੇਵ ਦਤ ਨੇ ਫਿਰ ਨੌਕਰ ਨੂੰ ਭੇਜਿਆ ਤੇ ਕਿਹਾ, “ਕਹਿ ਦੇ ਪੰਛੀ ਮੇਰਾ ਹੈ, ਮੋਇਆ ਹੈ, ਭਾਵੇਂ ਜੀਉਂਦਾ।’’ ਨੌਕਰ ਨੇ ਏਦਾਂ ਹੀ ਜਾ ਕਿਹਾ। ਸੁਣ ਕੇ ਬੁੱਧ ਬੋਲੇ, “ਮੈਂ ਨਹੀਂ ਦੇਣਾ, ਕਹਿ ਦੇ ਪੰਛੀ ਮੇਰਾ ਹੈ। ਲਖਾਂ ਚੀਜ਼ਾਂ ਵਿਚੋਂ ਇਹ ਮੇਰੀ ਪਹਿਲੀ ਚੀਜ਼ ਹੈ ਜਿਸ ਉਤੇ ਦਇਆ ਤੇ ਪ੍ਰੇਮ ਨੇ ਮੈਨੂੰ ਹੱਕ ਦਿੱਤਾ ਹੈ। ਮੇਰੇ ਦਿਲ ਵਿਚ ਕੁਝ ਧੜਕਣ ਹੋ ਰਹੀ ਹੈ ਤੇ ਮੇਰਾ ਦਿਲ ਕਹਿੰਦਾ ਹੈ ਕਿ ਮੈਂ ਮਨੁਖਾਂ ਨੂੰ ਦਇਆ ਦੀ ਸਿਖਿਆ ਦਿਆਂਗਾ ਤੇ ਗੁੰਗੇ ਸੰਸਾਰ ਦੀ ਅਗਵਾਈ ਕਰਾਂਗਾ। ਦੁਖ ਤੇ ਸੰਤਾਪ ਦੇ ਜ਼ੋਰ ਨੂੰ ਹਟਾਵਾਂਗਾ। ਕੇਵਲ ਮਨੁਖ ਨੂੰ ਹੀ ਨਹੀਂ, ਪ੍ਰਾਣੀ ਮਾਤਰ ਨੂੰ ਦੁਖਾਂ ਤੋਂ ਛਡਾਵਾਂਗਾ। ਜੇ ਦੇਵ ਦਤ ਨੂੰ ਅਜੇ ਵੀ ਇਤਰਾਜ਼ ਹੈ ਤਾਂ ਮਾਮਲਾ ਪੈਂਚਾਂ ਪਾਸ ਲੈ ਚਲੇ।"

ਨੌਕਰ ਨੇ ਉਸ ਤਰ੍ਹਾਂ ਹੀ ਜਾ ਕਿਹਾ ਤੇ ਮਾਮਲਾ ਪੈਂਚਾਂ ਪਾਸ ਜਾ ਪਹੁੰਚਾ। ਪੈਂਚਾਂ ਨੇ ਫੈਸਲਾ ਬੁੱਧ ਦੇ ਹਕ ਵਿਚ ਦਿਤਾ। ਦੇਵ ਦਤ ਸੜ ਕੇ ਕੋਲੇ ਹੋ ਗਿਆ ਤੇ ਉਸ ਦਿਨ ਤੋਂ ਬੁੱਧ ਦਾ ਵੈਰੀ ਬਣ ਗਿਆ। ਜੀਵਨ ਭਰ ਉਹ ਵੈਰ ਕਰਦਾ ਰਿਹਾ ਤੇ ਆਖ਼ਰ ਵੈਰ ਕਰਦਾ ਕਰਦਾ ਹੀ ਮੋਇਆ।

੨੨.