ਪੰਨਾ:ਮਹਾਤਮਾ ਬੁੱਧ.pdf/25

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਨਾਂ ਨੂੰ ਇਸ ਸੰਬੰਧੀ ਪ੍ਰਤੱਖ ਅਨੁਭਵ ਦਾ ਆਪਣੇ ਆਪ ਹੀ ਮੌਕਾ ਮਿਲ ਗਿਆ। ਉਨ੍ਹਾਂ ਦੇ ਕੋਮਲ ਤੇ ਦਿਆਲੂ ਹਿਰਦੇ ਨੇ ਖ਼ੁਦ ਹੀ ਇਕ ਦਰਦ ਪੈਦਾ ਕਰ ਕੇ ਦੇਖ ਲਿਆ ਕਿ ਦਰਦ ਕੀ ਹੁੰਦਾ ਹੈ।

ਬਸੰਤ ਦੀ ਰੁਤ ਸੀ। ਬੁਧ ਆਪਣੇ ਕਈ ਸਾਥੀਆਂ ਨਾਲ ਬਾਗ ਵਿਚ ਟਹਿਲਣ ਗਏ। ਬੜਾ ਸੁੰਦਰ ਨਜ਼ਾਰਾ ਸੀ। ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੇ ਫੁੱਲਾਂ ਨਾਲ ਬਾਗ ਸਜਿਆ ਹੋਇਆ ਸੀ। ਮਿਠੀ ਮਿਠੀ ਹਵਾ ਚਲ ਰਹੀ ਸੀ। ਹਰ ਪਾਸੇ ਖ਼ੁਸ਼ਬੂ ਹੀ ਖ਼ੁਸ਼ਬੂ ਸੀ। ਸਾਥੀ ਏਧਰ ਉਧਰ ਖਿੰਡ ਪੁੰਡ ਗਏ। ਬੁਧ ਇਕ ਰੁਖ ਹੇਠਾਂ ਚੌਕੜੀ ਮਾਰ ਕੇ ਬੈਠ ਗਏ। ਏਨੇ ਨੂੰ ਤੀਰ ਨਾਲ ਵਿਨ੍ਹਿਆਂ ਹੋਇਆ ਇਕ ਜੰਗਲੀ ਹੰਸ ਉਨਾਂ ਦੇ ਸਾਹਮਣੇ ਆ ਡਿਗਾ। ਉਹ ਫੜ-ਫੜਾਉਂਦਾ ਤੜਪ ਰਿਹਾ ਸੀ। ਕਰੁਣਾ-ਸਾਗਰ ਬੁਧ ਝਟ ਉਠੇ ਤੇ ਹੰਸ ਨੂੰ ਕੁਛੜ ਲੈ ਕੇ ਬੈਠ ਗਏ। ਉਸ ਵਿਚ ਖੁਭਾ ਤੀਰ ਉਨ੍ਹਾਂ ਨੇ ਬਾਹਰ ਕਢਿਆ ਤੇ ਆਪਣੇ ਕੋਮਲ ਹਥਾਂ ਨਾਲ ਉਸ ਦੇ ਜ਼ਖ਼ਮ ਨੂੰ ਪੂੰਝਣ ਲਗੇ। ਪੰਛੀ ਫ਼ਰਿਆਦ-ਭਰੀ ਨਿਗ੍ਹਾ ਨਾਲ ਬੁਧ ਵਲ ਦੇਖਣ ਲਗਾ। ਉਸ ਦੀ ਤਰਸ-ਯੋਗ ਹਾਲਤ ਨੂੰ ਦੇਖ ਕੇ ਬੁਧ ਦਾ ਦਿਲ ਭਰ ਆਇਆ ਤੇ ਅਖਾਂ 'ਚੋਂ ਪਾਣੀ ਵਗ ਤੁਰਿਆ। ਉਨ੍ਹਾਂ ਨੇ ਤੀਰ ਚੁਕਿਆ ਤੇ ਆਪਣੀ ਨਾਜ਼ਕ ਬਾਂਹ ਵਿਚ ਖੋਭ ਲਿਆ। ਦੇਖਿਆ, ਦਰਦ ਅਸਲ ਵਿਚ ਕੀ ਹੁੰਦਾ ਹੈ। ਉਹ ਦਇਆ ਨਾਲ ਭਰਪੂਰ ਹੋ ਕੇ ਕਹਿਣ ਲਗੇ, "ਕਿਹਾ ਬੇਤਰਸ ਹੈ ਉਹ ਆਦਮੀ ਜਿਸ ਨੇ ਬਿਨਾਂ ਕਿਸੇ ਕਾਰਨ ਇਸ ਭੋਲੇ ਪੰਛੀ ਨੂੰ ਪੀੜ ਪਹੁੰਚਾਈ ਹੈ। ਆਵੇ ਤਾਂ ਸਹੀ ਮੇਰੇ ਸਾਹਮਣੇ!"

੨੧.