ਪੰਨਾ:ਮਹਾਤਮਾ ਬੁੱਧ.pdf/19

ਇਹ ਸਫ਼ਾ ਪ੍ਰਮਾਣਿਤ ਹੈ

ਵਾਂਗੂੰ ਸੁਜਾਤ ਵੀ ਜਯੰਤੀ ਨੂੰ ਕਿਸੇ ਵੇਲੇ ਦਿਤੇ ਵਰ ਵਿਚ ਫਸਿਆ ਪਿਆ ਸੀ। ਮੌਕਾ ਪਾ ਕੇ ਜਯੰਤੀ ਨੇ ਉਸ ਵਰ ਦੇ ਬਦਲੇ ਆਪਣੀ ਸੌਂਕਣ ਦੇ ਪੰਜਾਂ ਪੁਤਰਾਂ ਨੂੰ ਘਰੋਂ ਕਢਾ ਦਿਤਾ। ਨਾਲ ਉਸ ਦੀਆਂ ਪੰਜੇ ਧੀਆਂ ਵੀ ਪੰਜਾਂ ਭਰਾਵਾਂ ਨਾਲ ਤੁਰ ਪਈਆਂ ਤੇ ਕੁਝ ਪਰਜਾ ਵੀ ਲਗ ਤੁਰੀ। ਸਾਰੇ ਜਣੇ ਨੈਪਾਲ ਦੀ ਤਲਹਟੀ ਵਿਚ ਕਪਲ ਮੁਨੀ ਦੇ ਆਸਨ ਤੇ ਆਏ ਤੇ ਮੁਨੀ ਦੀ ਆਗਿਆ ਲੈ ਕੇ ਪਾਸ ਹੀ ਜੰਗਲ ਸਾਫ਼ ਕਰ ਕੇ ਮੁਨੀ ਦੇ ਨਾਂ ਤੇ 'ਕਪਿਲ ਵਸਤੂ' ਨਾਮ ਦੀ ਇਕ ਵਸਤੀ ਵਸਾ ਕੇ ਰਹਿਣ ਲਗ ਪਏ। ਸਮਾਂ ਪਾ ਕੇ ਇਹ ਵਸਤੀ ਬੜੀ ਉਨਤ ਹੋਈ ਤੇ ਫਿਰ ਕੁਝ ਸਮਾਂ ਪਾ ਕੇ ਇਹ ਬਰਬਾਦ ਵੀ ਹੋ ਗਈ। ਅਜ ਕਲ ਇਥੇ ‘ਭੁਇਲਾ' ਨਾਂ ਦਾ ਇਕ ਪਿੰਡ ਜਿਹਾ ਆਬਾਦ ਹੈ। ਇਹ ਥਾਂ ਕਾਂਸ਼ੀ ਤੋਂ ਸੌ ਮੀਲ ਦੇ ਕਰੀਬ ਉੱਤਰ ਦਿਸ਼ਾ ਵਲ ਤੇ ਅਜੁਧਿਆ ਤੋਂ ਪੰਝੀ ਕੁ ਮੀਲ ਉੱਤਰ-ਪੂਰਬ ਦੀ ਗੁਠੇ ਮੌਜੂਦ ਹੈ।

ਫਿਰ ਰਾਜ ਕੁਮਾਰਾਂ ਨੂੰ ਆਪਣੇ ਵਿਆਹ ਦਾ ਫ਼ਿਕਰ ਹੋਇਆ ਤੇ ਉਨ੍ਹਾਂ ਆਪਣੀਆਂ ਪੰਜਾਂ ਭੈਣਾਂ ਨਾਲ ਹੀ ਵਿਆਹ ਕਰ ਲਿਆ। ਜਦੋਂ ਰਾਜਾ ਸੁਜਾਤ ਨੂੰ ਇਸ ਗਲ ਦਾ ਪਤਾ ਲਗਾ ਤਾਂ ਉਸ ਨੇ ਪੰਡਤਾਂ ਨੂੰ ਸਦ ਕੇ ਇਸ ਬਾਬਤ ਫ਼ਤਵਾ ਮੰਗਿਆ। ਉਨ੍ਹਾਂ ਕਿਹਾ ਜੋ ਕੁਝ ਉਨ੍ਹਾਂ ਕੀਤਾ ਹੈ, 'ਸ਼ਾਕਯ' ਹੈ। ਬਸ ਓਦੋਂ ਤੋਂ ਉਹ ‘ਸ਼ਾਕਯ' ਨਾਂ ਤੋਂ ਪ੍ਰਸਿਧ ਹੋ ਗਏ ਤੇ ਉਨਾਂ ਦਾ ਜਿਹੜਾ ਵੰਸ਼ ਚਲਿਆ ਉਹ 'ਸ਼ਾਕਯ ਵੰਸ਼' ਦੇ ਨਾਂ ਤੋਂ ਪ੍ਰਸਿਧ ਹੋਇਆ। ਬੁਧ ਇਸੇ ਸ਼ਾਕਯ ਵੰਸ਼ ਵਿਚ ਪੈਦਾ ਹੋਏ।

੧੫.