ਪੰਨਾ:ਮਹਾਤਮਾ ਬੁੱਧ.pdf/18

ਇਹ ਸਫ਼ਾ ਪ੍ਰਮਾਣਿਤ ਹੈ

ਟੈਕਸ ਥੋੜੇ ਤੇ ਹਲਕੇ ਫੁਲਕੇ ਜਿਹੇ ਸਨ। ਮੁਕਦਮੇ-ਬਾਜ਼ੀ ਬਹੁਤ ਘੱਟ ਸੀ ਤੇ ਫ਼ੈਸਲੇ ਆਮ ਤੌਰ ਤੇ ਸ਼ਹਿਰਾਂ ਤੇ ਪਿੰਡਾਂ ਦੀਆਂ ਪੰਚਾਇਤਾਂ ਹੀ ਕਰਦੀਆਂ ਸਨ। ਥੋੜੇ ਵਿਚ ਹੀ ਸਭ ਮਾਮਲਾ ਛੇਤੀ ਨਿਬੜ ਜਾਂਦਾ ਸੀ।

ਭੂਮੀ ਦਾ ਮਾਲਕ ਭਾਵੇਂ ਆਮ ਤੌਰ ਤੇ ਕਿਸਾਨ ਆਪ ਹੀ ਹੁੰਦਾ ਸੀ ਪਰ ਨਾਲ ਹੀ ਇਸ ਦੇ ਬੜੇ ਬੜੇ ਭੂਮੀ ਪਤੀ ਵੀ ਪੈਦਾ ਹੋਣ ਲਗ ਗਏ ਸਨ। ਖ਼ੁਦ ਬੁਧ ਦੇ ਪਿਤਾ ਇਕ ਬੜੇ ਭਾਰੇ ਭੂਮੀ ਪਤੀ ਸਨ ਤੇ ਕਾਮਿਆਂ ਦੀ ਕਮਾਈ ਖਾਂਦੇ ਸਨ।

ਸ਼ਾਹੂਕਾਰਾ ਸਿਸਟਮ ਵੀ ਖੂਬ ਚਲਦਾ ਸੀ ਤੇ ਉਸ ਦੇ ਜ਼ਰੀਏ ਸ਼ੋਸ਼ਨ ਵੀ ਖੂਬ ਹੁੰਦਾ ਸੀ, ਭਾਵੇਂ ਅਜ ਵਰਗਾ ਨਹੀਂ।

ਸੁਧਾਰ ਦੀ ਇਸ ਵਿਚ ਵੀ ਬੜੀ ਲੋੜ ਸੀ ਤੇ ਇਹ ਲੋੜ ਆਖ਼ਰ ਜਾ ਕੇ ਪੂਰੀ ਹੋਈ ਹੈ, ਭਾਵੇਂ ਥੋੜੀ ਤੇ ਭਾਵੇਂ ਬਹੁਤੀ।

ਖ਼ਾਨਦਾਨ--

ਇਖਵਾਕੂ ਵੰਸ਼ ਵਿਚ ਕਿਸੇ ਵੇਲੇ ਇਕ ਰਾਜਾ ਮਾਂਧਾਤਾ ਹੋਇਆ ਤੇ ਮਾਂਧਾਤਾ ਤੋਂ ਬਹੁਤ ਚਿਰ ਬਾਅਦ ਸਿਰੀ ਰਾਮ ਚੰਦਰ ਹੋਏ। ਫਿਰ ਇਕ ਰਾਜਾ ਸੁਜਾਤ ਹੋਇਆ। ਰਾਜਧਾਨੀ ਸਭ ਦੀ ਅਜੁਧਿਆ ਹੀ ਰਹੀ।

ਰਾਜਾ ਸੁਜਾਤ ਨੇ ਪੰਜਾਂ ਪੁੱਤਰਾਂ ਤੇ ਪੰਜਾਂ ਧੀਆਂ ਦੇ ਹੁੰਦਿਆਂ ਸੁੰਦਿਆਂ ਵੀ ਬੁਢਾਪੇ ਵਿਚ ਜਯੰਤੀ ਨਾਂ ਦੀ ਇਕ ਹੋਰ ਮੁਟਿਆਰ ਨਾਲ ਵਿਆਹ ਕਰ ਲਿਆ। ਉਸ ਵਿਚੋਂ ਇਕ ਪੁੱਤਰ ਹੋਇਆ, ਉਸ ਦਾ ਨਾਂ ਰਖਿਆ ਗਿਆ ਜਯੰਤ। ਦਸਰਥ

੧੪.