ਪੰਨਾ:ਮਹਾਤਮਾ ਬੁੱਧ.pdf/15

ਇਹ ਸਫ਼ਾ ਪ੍ਰਮਾਣਿਤ ਹੈ

ਸਮਾਜਕ ਦਸ਼ਾ

ਹੁਣ ਆਰੀਆਂ ਵਿਚ ਉਹ ਪਹਿਲੇ ਵਾਲੀਆਂ ਗਲਾਂ ਨਹੀਂ ਸਨ ਰਹੀਆਂ। ਬੜਾ ਫ਼ਰਕ ਆ ਗਿਆ ਸੀ। ਵਰਣ ਵਿਵਸਥਾ ਬੜੀ ਸਖ਼ਤ ਸੀ ਤੇ ਛੂਆ ਛੂਤ ਦਾ ਬੜਾ ਜ਼ੋਰ ਸੀ। ਵਿਆਹ ਸ਼ਾਦੀਆਂ ਆਮ ਤੌਰ ਤੇ ਆਪਣੀ ਜਾਤ ਬਰਾਦਰੀ ਵਿਚ ਹੀ ਹੁੰਦੀਆਂ ਸਨ ਪਰ ਕਦੇ ਕਦੇ ਇਸ ਦੇ ਉਲਟ ਵੀ ਹੋ ਜਾਇਆ ਕਰਦਾ ਸੀ। ਕੋਸ਼ਲ ਦੇਸ਼ ਦੇ ਰਾਜਾ ਨੇ ਸ਼੍ਰਾਵਸਤੀ ਨਾਂ ਦੇ ਨਗਰ ਦੇ ਇਕ ਮਾਲੀ ਦੀ ਕੁੜੀ ਮਲਕਾਂ ਨਾਲ ਵਿਆਹ ਕਰ ਲਿਆ। ਮਲਕਾਂ 'ਨੀਚ ਜਾਤ' ਦੀ ਸੀ ਤੇ ਰਾਜਾ 'ਉਚੀ ਜਾਤ’ ਦਾ। ਇਸੇ ਤਰ੍ਹਾਂ ਰਾਜਾ ਉਦੈਨ ਨੇ ਇਕ ਬ੍ਰਾਹਮਣ ਕੁੜੀ ਮਾਗੰਧੀ ਨਾਲ ਵਿਆਹ ਕਰ ਲਿਆ। ਮਾਗੰਧੀ ਰਾਜਾ ਨਾਲੋਂ ਉੱਚੀ ਜਾਤ ਦੀ ਸੀ
ਬਹੁਪਤੀ ਤੇ ਬਹੁ ਪਤਨੀ ਦਾ ਰਵਾਜ ਵੀ ਚਾਲੂ ਸੀ ਤੇ ਸਤੀ ਪ੍ਰਥਾ ਵੀ ਚਲ ਰਹੀ ਸੀ। ਬੜੀ ਅਜੀਬ ਜੇਹੀ ਹਾਲਤ ਸੀ, ਖ਼ਾਸ ਕਰ ਕੇ ਇਸਤ੍ਰੀਆਂ ਤੇ ਸ਼ੂਦ੍ਰਾਂ ਦੇ ਬਾਰੇ ਵਿਚ।
ਅਸਲ ਵਿਚ ਸਮਾਜ ਪਰੋਹਤਾਂ ਦੇ ਹਥਾਂ ਵਿਚ ਖੇਡਦਾ ਸੀ। ਪਰੋਹਤ ਜਿਥੇ ਜੋ ਚਾਹੁਣ ਹੋ ਜਾਂਦਾ ਸੀ ਤੇ ਉਹੋ ਹੀ ਠੀਕ ਸਮਝਿਆ ਜਾਂਦਾ ਸੀ।
ਕਹਿਣ ਨੂੰ ਤਾਂ ਇਸਤਰੀ ਨੂੰ ਅਰਧੰਗਨੀ ਕਿਹਾ ਜਾਂਦਾ ਸੀ ਤੇ 'ਜਿਥੇ ਔਰਤ ਦੀ ਇਜ਼ਤ ਹੋਵੇ, ਉਥੇ ਦੇਵਤੇ ਵਸਦੇ ਹਨ' ਇਸ ਕਿਸਮ ਦਾ ਇਕ ਸ਼ਲੋਕ ਵੀ ਆਮ ਸੁਣਾਇਆ ਜਾਂਦਾ ਸੀ ਪਰ ਵਰਤੋਂ ਵਿਚ ਇਹ ਗਲ ਨਹੀਂ ਸੀ। ਇਸਤਰੀ ਪੁਰਸ਼ ਦੀ ਮਨਕੂਲਾ ਜਾਇਦਾਦ ਸਮਝੀ ਜਾਂਦੀ ਸੀ ਤੇ ਅਜਿਹੀ ਜਾਇਦਾਦ

੧੧.