ਪੰਨਾ:ਮਨ ਪਰਦੇਸੀ – ਗੁਰਭਜਨ ਗਿੱਲ.pdf/99

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੂਰਜ ਅੱਗੇ ਨਾਕਾ ਭਲਿਆ, ਕੌਣ ਭਲਾ ਦੱਸ ਲਾ ਸਕਿਆ ਹੈ।
ਸਗਲ ਸ੍ਰਿਸ਼ਟੀ ਚਾਨਣ ਦਾ ਹੜ੍ਹ, ਕੌਣ ਰੁਕਾਵਟ ਡਾਹ ਸਕਿਆ ਹੈ।

ਮੈਂ ਵੀ ਤਾਂ ਉਸ ਨੂਰ ਦਾ ਹਿੱਸਾ, ਜੋ ਹੈ ਰਿਸ਼ਮ ਨੂਰਾਨੀ ਸੁੱਚੀ,
ਅਨਹਦ ਨਾਦ ਵਜਦ ਨੂੰ ਕਿਹੜਾ, ਪਿੰਜਰੇ ਅੰਦਰ ਪਾ ਸਕਿਆ ਹੈ।

ਇਹ ਜੋ ਪੌਣ ਪੁਰੇ ਦੀ ਵਗਦੀ, ਤੇਰੇ ਵੱਸ ਨਾ ਪਿੰਜਰੇ ਪਾਉਣਾ,
ਖੁਸ਼ਬੋਈ ਨੂੰ ਕਿਹੜਾ ਏਥੇ, ਪੋਟਲੀਆਂ ਵਿੱਚ ਪਾ ਸਕਿਆ ਹੈ।

ਵਕਤ ਲਿਹਾਜ਼ ਕਦੇ ਨਾ ਕਰਦਾ, ਜੋ ਪਲ ਗੁਜ਼ਰੇ ਮੁੜ ਨਾ ਆਏ,
ਜਿਹੜਾ ਪੱਤਣੋਂ ਲੰਘ ਜਾਂਦਾ ਏ, ਨੀਰ ਪਰਤ ਨਾ ਆ ਸਕਿਆ ਹੈ।

ਇੱਕ ਵਾਰੀ ਦਿਲ ਟੁੱਟ ਜਾਵੇ ਜੇ, ਸੁਰਤ ਜੋੜਨੀ ਸੌਖੀ ਨਹੀਂਉਂ,
ਕੌਣ ਭਲਾ ਇਕਤਾਰਾ ਟੁੱਟਿਆਂ, ਰਾਗ ਵਸਲ ਦਾ ਗਾ ਸਕਿਆ ਹੈ।

ਤੂੰ ਜੋ ਲਿਖੇ ਭੁਲਾਵੇਂ ਅੱਖਰ, ਹੁਣ ਤੱਕ ਵਾਕ ਨਾ ਬਣਿਆ ਭਾਵੇਂ,
ਦਿਲ ਦੇ ਵਰਕੇ ਉੱਪਰ ਜਗਦੇ, ਨਕਸ਼ ਕਿਵੇਂ ਕੋਈ ਢਾਹ ਸਕਿਆ ਹੈ।

ਆਸ ਉਮੀਦ ਜਿਉਂਦੀ ਹਾਲੇ, ਦਿਲ ਮੇਰੇ ਦੀ ਨਗਰੀ ਰੌਸ਼ਨ,
ਤੇਰਾ ਗੂੜ੍ਹ ਹਨ੍ਹੇਰਾ ਏਥੇ, ਅੱਜ ਤੀਕਰ ਨਾ ਛਾ ਸਕਿਆ ਹੈ।

ਮਨ ਪਰਦੇਸੀ / 99